ਅਮਰੀਕਾ ‘ਚ ਹਥਿਆਰਾਂ ਦੀ ਵਿਕਰੀ ਰੋਕਣ ਵਾਲਾ ਮਤਾ ਨਹੀਂ ਹੋਇਆ ਪਾਸ

orlando-attackਵਾਸ਼ਿੰਗਟਨ, 22 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਬੰਦੂਕ ਪਿਸਤੌਲ-ਰਾਈਫਲ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ। ਸੰਸਦ ‘ਚ ਇਸ ਬਾਰੇ ਲਿਆਂਦੇ ਗਏ ਚਾਰ ਮਤਿਆਂ ਨੂੰ ਬਹੁਮਤ ਦੇ ਆਧਾਰ ‘ਤੇ ਨਕਾਰ ਦਿੱਤਾ ਗਿਆ। ਪਿਛਲੇ ਹਫਤੇ ਓਰਲੈਂਡੋ ‘ਚ ਸਮਲਿੰਗੀਆਂ ਦੇ ਇਕ ਕਲੱਬ ‘ਚ ਹੋਈ ਫਾਇਰਿੰਗ ਦੇ ਬਾਅਦ ਹਥਿਆਰਾਂ ਦੀ ਖੁੱਲੀ ਵਿਕਰੀ ‘ਤੇ ਰੋਕ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ। ਇਸ ਫਾਇਰਿੰਗ ‘ਚ 49 ਲੋਕ ਮਰੇ ਸਨ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਹਥਿਆਰਾਂ ਦੀ ਵਿਕਰੀ ‘ਤੇ ਰੋਕ ਦੇ ਹੱਕ ‘ਚ ਹਨ ਪਰ ਮਜ਼ਬੂਤ ਹਥਿਆਰ ਹਮਾਇਤੀ ਲਾਬੀ ਦੇ ਅੱਗੇ ਕਿਸੇ ਦੀ ਨਹੀਂ ਚੱਲੀ ਅਤੇ ਵਿਵਸਥਾ ‘ਚ ਬਦਲਾਅ ਦੇ ਮਤੇ ਸੰਸਦ ‘ਚ ਡਿੱਗ ਗਏ। ਚਾਰ ਮਤਿਆਂ ‘ਚੋਂ ਦੋ ਡੈਮੋਕ੍ਰੇਟ ਸੰਸਦ ਮੈਂਬਰ ਲਿਆਏ ਸਨ, ਜਦਕਿ ਦੋ ਰਿਪਬਲਿਕਨਾਂ ਵਲੋਂ ਆਏ ਸਨ। ਅਮਰੀਕਾ ‘ਚ ਹਥਿਆਰ ਰੱਖਣ ਦਾ ਅਧਿਕਾਰ ਸੰਵਿਧਾਨ ਨਾਲ ਜੁੜਿਆ ਅਧਿਕਾਰ ਹੈ। ਹਥਿਆਰ ਹਮਾਇਤੀ ਲਾਬੀ ਨੇ ਇਸੇ ਦੀ ਆੜ ਲੈ ਕੇ ਮਤਿਆਂ ਦਾ ਵਿਰੋਧ ਕੀਤਾ। ਬਹਿਸ ‘ਚ ਕੁਝ ਸੰਸਦ ਮੈਂਬਰਾਂ ਨੇ ਕਿਹਾ ਕਿ ਅੱਤਵਾਦ ਦੇ ਦੌਰ ‘ਚ ਹਥਿਆਰ ਰੱਖ ਕੇ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਜਨਤਾ ਕੋਲ ਕਰੀਬ 310 ਮਿਲੀਅਨ (31 ਕਰੋੜ) ਹਥਿਆਰ ਹਨ। ਇਸ ਲਿਹਾਜ਼ ਨਾਲ ਹਰ ਅਮਰੀਕੀ ਕੋਲ ਇਕ ਹਥਿਆਰ ਹੈ। ਉਥੇ ਹਥਿਆਰ ਖ਼ਰੀਦਣ ਜਾਂ ਰੱਖਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੁੰਦੀ। ਇਨ੍ਹਾਂ ਹਥਿਆਰਾਂ ਦੀ ਵਰਤੋਂ ਨਾਲ ਹੋਣ ਵਾਲੀ ਹਿੰਸਾ ਅਮਰੀਕਾ ‘ਚ ਵੱਡਾ ਮੁੱਦਾ ਬਣਿਆ ਹੋਇਆ ਹੈ। ਰਾਸ਼ਟਰਪਤੀ ਚੋਣ ‘ਚ ਵੀ ਹਥਿਆਰ ਪ੍ਰਮੁੱਖ ਮੁੱਦਾ ਬਣੇ ਹੋਏ ਹਨ।

Leave a Reply