ਅਮਰੀਕਾ ‘ਚ ਸ਼ੁਰੂ ਹੋਇਆ ਕੋਰੋਨਾਵਾਇਰਸ ਟੀਕਾਕਰਣ

81
Share

ਫਰਿਜ਼ਨੋ, 15 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸੰਯੁਕਤ ਰਾਜ ‘ਚ ਕੋਰੋਨਾਵਾਇਰਸ ਟੀਕਾਕਰਣ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇੱਕ ਮਹੱਤਵਪੂਰਣ ਪਲ ਹੈ, ਜਦੋਂ ਦੇਸ਼ ਇਸ ਜਾਨਲੇਵਾ ਵਾਇਰਸ  ਦਾ ਸਾਹਮਣਾ ਕਰਨ ਦੇ ਨਾਲ ਤਕਰੀਬਨ 300,000 ਅਮਰੀਕੀ ਵਾਸੀਆਂ ਨੂੰ ਗਵਾ ਚੁੱਕਿਆ ਹੈ। ਇਸ ਟੀਕਾਕਰਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਨਿਊਯਾਰਕ ਵਿਚ ਆਈ.ਸੀ.ਯੂ. ਦੀ ਨਰਸ ਸੈਂਡਰਾ ਲਿੰਡਸੇ, ਟੀਕੇ ਦੀ ਖੁਰਾਕ ਨੂੰ ਲੈਣ ਵਾਲੀ ਪਹਿਲੀ ਸ਼ਖਸ ਹੈ, ਜਿਸਨੂੰ ਕਿ ਗਵਰਨਰ  ਐਂਡ੍ਰਿਊ ਕੁਓਮੋ ਨੇ ਲਾਈਵ ਸਟ੍ਰੀਮ ਕੀਤਾ। ਜਰਮਨ ਦੀ ਕੰਪਨੀ ਬਾਇਓਨਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ-19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸਦੇ ਬਾਅਦ ਸਪਲਾਈ ਟਰੱਕਾਂ ਵਿਚ ਐਤਵਾਰ ਨੂੰ ਮਿਸ਼ੀਗਨ ਦੇ ਪੋਰਟੇਜ ਵਿਚੋਂ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫਤੇ ਦੇ ਅੰਤ ਤੱਕ 2.9 ਮਿਲੀਅਨ ਖੁਰਾਕਾਂ ਨੂੰ 636 ਨਿਰਧਾਰਤ ਸਥਾਨਾਂ ‘ਤੇ ਪਹੁੰਚਾਉਣ ਦੀ ਉਮੀਦ ਹੈ। ਸੰਯੁਕਤ ਰਾਜ ਵਿਚ ਟੀਕਾ ਰੋਲਆਉਟ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਵਿਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ ਅਤੇ ਵਸਨੀਕਾਂ ਆਦਿ ਸ਼ਾਮਲ ਹਨ, ਜਦਕਿ ਇਸਦੇ ਦੂਜੇ ਪੜਾਅ ਵਿਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ, ਇਹ ਅਜੇ ਸਪੱਸ਼ਟ ਨਹੀਂ ਹੈ। ਯੂ.ਐੱਸ. ਨੇ ਬਾਇਓਨਟੈਕ-ਫਾਈਜ਼ਰ ਟੀਕੇ ਦੀਆਂ ਘੱਟੋ-ਘੱਟ 100 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ, ਜਦਕਿ ਹੋਰ 500 ਮਿਲੀਅਨ ਖਰੀਦਣ ਦੇ ਵੀ ਵਿਕਲਪ ਹਨ ਅਤੇ ਇਸ ਸਮੇਂ ਅਮਰੀਕਾ ਨੇ 800 ਮਿਲੀਅਨ ਖੁਰਾਕਾਂ ਲਈ ਅਗਾਊ ਆਦੇਸ਼ ਦਿੱਤੇ ਹਨ ।


Share