ਅਮਰੀਕਾ ‘ਚ ਲਗਾਤਾਰ ਵਧ ਰਹੇ ਨੇ ਕੋਰੋਨਾਵਾਇਰਸ ਦੇ ਮਾਮਲੇ; ਮ੍ਰਿਤਕਾਂ ਦੀ ਗਿਣਤੀ ਹੋਈ 700 ਦੇ ਪਾਰ

245
Share

ਵਾਸ਼ਿੰਗਟਨ,  25 ਮਾਰਚ (ਪੰਜਾਬ ਮੇਲ)- ਖ਼ਤਰਨਾਕ ਕੋਰੋਨਾਵਾਇਰਸ ਦਾ ਆਤੰਕ ਦੁਨੀਆਂ ਭਰ ‘ਚ ਵਧਦਾ ਜਾ ਰਿਹਾ ਹੈ। ਵਿਸ਼ਵ ‘ਚ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 4 ਲੱਖ ਤੋਂ ਪਾਰ ਪਹੁੰਚ ਗਈ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਪਾਰ ਹੋ ਗਈ ਹੈ। ਅਮਰੀਕਾ ‘ਚ ਕੋਰੋਨਾਵਾਇਰਸ ਦੇ ਵੀ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 700 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ 55 ਹਜ਼ਾਰ ਦੇ ਕਰੀਬ ਹੋ ਗਈ ਹੈ। ਸਿਹਤ ਸੰਭਾਲ ਅਧਿਕਾਰੀਆਂ ਤੇ ਨੇਤਾਵਾਂ ਨੇ ਤੇਜ਼ੀ ਨਾਲ ਫੈਲ ਰਹੀ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਉਪਰਾਲੇ ਤੇਜ਼ ਕਰ ਦਿੱਤੇ ਹਨ।
ਨਿਊਜਰਸੀ ‘ਚ ਕੋਰੋਨਾਵਾਇਰਸ ਦੇ ਘੱਟੋ-ਘੱਟ 2,844 ਮਾਮਲੇ ਹੋ ਗਏ ਹਨ ਅਤੇ 27 ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨੀਂ 935 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਯੂ.ਐੱਸ.ਏ. ‘ਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਣ ਨਾਲ ਚਿੰਤਾ ਵਧਦੀ ਜਾ ਰਹੀ ਹੈ, ਲੋਕਾਂ ਨੂੰ ਡਰ ਹੈ ਕਿ ਕਿੱਧਰੇ ਹਾਲਾਤ ਬੇਕਾਬੂ ਨਾ ਹੋ ਜਾਣ।
ਨਿਊਜਰਸੀ ਦੇ ਜਿਲ੍ਹਾ ਟ੍ਰਿਨਟਨ ਵਿਖੇ ਇਕ ਨਿਊਜ ਬ੍ਰੀਫਿੰਗ ‘ਚ ਗਵਰਨਰ ਫਿਲ ਮਰਫੀ ਨੇ ਕਿਹਾ ਕਿ ਇੱਥੇ ਹੋਰ ਵੀ ਬਹੁਤ ਸਾਰੇ ਟੈਸਟਿੰਗ ਚੱਲ ਰਹੇ ਹਨ। ਤੇ ਜਾਂਚ ਪ੍ਰਣਾਲੀ ਫੈਲੀ ਹੋਈ ਹੈ, ਅਸੀਂ ਇਹ ਵੇਖ ਰਹੇ ਹਾਂ ਕਿ ਇਹ ਸੰਖਿਆ ਵੱਡੇ ਪੱਧਰ ‘ਤੇ ਇਥੇ ਵੱਧਦੀ ਜਾ ਰਹੀ ਹੈ। ਸਾਨੂੰ ਇਹ ਸਪੱਸ਼ਟ ਅਤੇ ਬਿਹਤਰ ਅਹਿਸਾਸ ਮਿਲ ਰਿਹਾ ਹੈ ਕਿ ਕੋਰੋਨਾਵਾਇਰਸ ਪਹਿਲਾਂ ਤੋਂ ਹੁਣ ਕਿੰਨੀ ਦੂਰ ਤੱਕ ਫੈਲ ਚੁੱਕਾ ਹੈ।
ਨਿਊਜਰਸੀ ‘ਚ 7 ਨਵੀਆਂ ਮੌਤਾਂ ਦੀ ਪੁਸ਼ਟੀ ਸੋਮਵਾਰ ਨੂੰ ਹੋਈ ਹੈ, ਜਿਨ੍ਹਾਂ ‘ਚ 5 ਪੁਰਸ਼ ਤੇ 2 ਔਰਤਾਂ ਸ਼ਾਮਲ ਹਨ। ਇਨ੍ਹਾਂ ਦੀ ਉਮਰ 57 ਤੋਂ 91 ਸਾਲ ਵਿਚਕਾਰ ਦੱਸੀ ਗਈ ਹੈ।
ਗਵਰਨਰ ਮਰਫੀ ਨੇ ਕਿਹਾ ਕਿ ਕੋਰੋਨਾ ਦੇ 419 ਮਾਮਲਿਆਂ ਦੀ ਜਾਂਚ ਅਜੇ ਵੀ ਪੈਂਡਿੰਗ ਹੈ। ਗਵਰਨਰ ਮਰਫੀ ਨੇ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਵਾਲੇ ਕਾਰਜਕਾਰੀ ਆਦੇਸ਼ਾਂ ‘ਤੇ ਵੀ ਦਸਤਖਤ ਕਰਕੇ ਇਸ ਪ੍ਰਕੋਪ ਨੂੰ ਹੌਲੀ ਕਰਨ ਲਈ ਸਖਤ ਕਦਮ ਚੁੱਕੇ ਹਨ। ਜਨਤਕ ਇਕੱਠ ‘ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਲੋਕਾਂ ਨੂੰ ਬਿਲਕੁਲ ਘਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ, ਭੋਜਨ, ਦਵਾਈ ਲੈਣ ਜਾਣ ਲਈ ਛੋਟ ਤੋਂ ਇਲਾਵਾ ਡਾਕਟਰੀ ਸਹਾਇਤਾ ਪ੍ਰਾਪਤ ਕਰਨ, ਪਰਿਵਾਰ ਤੇ ਨਜ਼ਦੀਕੀ ਦੋਸਤਾਂ ਨੂੰ ਮਿਲਣ, ਕਸਰਤ ਕਰਨ ਤੇ ਕੁਝ ਕਾਰੋਬਾਰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ।
ਕੋਰੋਨਾਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਵੀ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਤੇ ਬਾਹਰੋਂ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਹੈ।


Share