ਅਮਰੀਕਾ ’ਚ ਮਹਾਂਮਾਰੀ ਦੌਰਾਨ ਏਸ਼ੀਅਨ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ’ਚ ਹੋਇਆ 76% ਵਾਧਾ

268
Share

ਫਰਿਜ਼ਨੋ, 25 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਐੱਫ.ਬੀ.ਆਈ. ਦੁਆਰਾ ਸੋਮਵਾਰ ਨੂੰ ਨਵੇਂ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2020 ਵਿਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ਵਿਚ 76% ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਐੱਫ.ਬੀ.ਆਈ. ਨੇ ਅਗਸਤ ਵਿਚ ਨਫਰਤੀ ਅਪਰਾਧ ਦੇ ਅੰਕੜੇ ਜਾਰੀ ਕੀਤੇ ਸਨ, ਪਰ ਓਹੀਓ ਦੇ ਅੰਕੜਿਆਂ ਦੀ ਰਿਪੋਰਟ ਵਿਚ ਇੱਕ ਗਲਤੀ ਕਾਰਨ, ਇਹ ਡੇਟਾ ਅਧੂਰਾ ਸੀ। ਪਰ ਹੁਣ ਐੱਫ.ਬੀ.ਆਈ. ਨੇ ਓਹੀਓ ਦੀ ਰਿਪੋਰਟਿੰਗ ਪ੍ਰਣਾਲੀ ਵਿਚ ਤਕਨੀਕੀ ਸਮੱਸਿਆ ਨੂੰ ਠੀਕ ਕੀਤਾ ਹੈ। ਅੰਕੜਿਆਂ ਅਨੁਸਾਰ 2020 ਵਿਚ, ਏਸ਼ੀਆਈ ਮੂਲ ਦੇ ਲੋਕਾਂ ਦੇ ਵਿਰੁੱਧ 279 ਨਫਰਤੀ ਅਪਰਾਧ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 2019 ਵਿਚ 158 ਘਟਨਾਵਾਂ ਦਰਜ਼ ਹੋਈਆਂ ਸਨ। ਸੋਮਵਾਰ ਨੂੰ ਜਾਰੀ ਐੱਫ.ਬੀ.ਆਈ. ਦੇ ਅੰਕੜਿਆਂ ਅਨੁਸਾਰ, ਅਮਰੀਕਾ ਵਿਚ 60% ਤੋਂ ਵੱਧ ਨਫਰਤੀ ਅਪਰਾਧ ਵਿਅਕਤੀ ਦੀ ਨਸਲ ਦੇ ਆਧਾਰ ’ਤੇ ਕੀਤੇ ਗਏ ਸਨ। ਅਧਿਕਾਰੀਆਂ ਅਨੁਸਾਰ ਜ਼ਿਆਦਾਤਰ ਨਫਰਤੀ ਅਪਰਾਧ ਅਫਰੀਕਨ ਅਮਰੀਕੀਆਂ ’ਤੇ ਹੁੰਦੇ ਹਨ, ਪਰ ਕੋਵਿਡ-19 ਦੇ ਕਾਰਨ ਏਸ਼ੀਆਈ ਵਿਰੋਧੀ ਨਫਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ। ਐੱਫ.ਬੀ.ਆਈ. ਅਨੁਸਾਰ 20% ਨਫਰਤੀ ਅਪਰਾਧ ਵਿਅਕਤੀ ਦੇ ਜਿਨਸੀ ਰੁਝਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ 2020 ਵਿਚ ਹੋਏ ਨਫ਼ਰਤੀ ਅਪਰਾਧਾਂ ਵਿਚੋਂ 13% ਧਾਰਮਿਕ ਪੱਖਪਾਤ ਦੇ ਕਾਰਨ ਸਨ। ਇਸਦੇ ਇਲਾਵਾ ਅੱਧੇ ਤੋਂ ਵੱਧ ਅਪਰਾਧੀ ਗੋਰੇ ਸਨ ਅਤੇ 21% ਅਪਰਾਧੀ ਅਫਰੀਕਨ ਅਮਰੀਕਨ ਸਨ।

Share