ਅਮਰੀਕਾ ‘ਚ ਭਿਆਨਕ ਜੰਗਲੀ ਅੱਗ ਕਾਰਨ 35 ਲੋਕਾਂ ਦੀ ਮੌਤ;

19
ਅੱਗ ਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਹੋਇਆ ਗੋਰਾ।
Share

6.7 ਮਿਲੀਅਨ ਏਕੜ ਸੜਕੇ ਸਵਾਹ
-ਔਰੇਗਨ ਵਿਚ ਅੱਗ ਲਾਉਣ ਦੇ ਦੋਸ਼ ਵਿਚ ਗੋਰਾ ਕਾਬੂ
ਕੈਲੀਫੋਰਨੀਆ, 16 ਸਤੰਬਰ (ਨੀਟਾ/ਕੁਲਵੰਤ/ਪੰਜਾਬ ਮੇਲ)- ਸੋਕੇ, ਗਰਮੀ ਅਤੇ ਖੁਸ਼ਕ ਮੌਸਮ ਦੇ ਚੱਲਦਿਆਂ ਅਮਰੀਕਾ ਦੀਆਂ ਤਕਰੀਬਨ 11 ਪੱਛਮੀ ਸਟੇਟਾਂ ‘ਚ ਭਿਆਨਕ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਅੱਗਾਂ ਵਿਚ ਤਕਰੀਬਨ 6.7 ਮਿਲੀਅਨ ਏਕੜ ਜੰਗਲ ਸੜਕੇ ਸਵਾਹ ਹੋ ਗਿਆ ਅਤੇ ਤਕਰੀਬਨ 35 ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਡੇਢ ਦਰਜਨ ਦੇ ਕਰੀਬ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸ ਭਿਆਨਕ ਅੱਗ ਵਿਚ ਸੈਂਕੜੇ ਘਰ, ਦਰਜਨਾਂ ਦੇ ਹਿਸਾਬ ਨਾਲ ਬਿਜ਼ਨਸ ਸੜਕੇ ਸਵਾਹ ਹੋ ਗਏ। ਇਕੱਲੇ ਕੈਲੀਫੋਰਨੀਆ ਵਿਚ ਤਕਰੀਬਨ ਸਾਢੇ ਤਿੰਨ ਮਿਲੀਅਨ ਏਕੜ ਸੜੇ ਹਨ, ਅਤੇ ਦੋ ਦਰਜਨ ਦੇ ਕਰੀਬ ਲੋਕੀ ਮਾਰੇ ਗਏ ਹਨ। ਲੱਖਾਂ ਦੇ ਹਿਸਾਬ ਨਾਲ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਦੂਸਰੀ ਸਟੇਟ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ, ਉਹ ਹੈ ਔਰੇਗਨ, ਇੱਥੇ 960,000 ਏਕੜ ਸੜੇ ਦੱਸੇ ਜਾ ਰਹੇ ਹਨ ਤੇ ਦਰਜਨ ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਵਿਚ 640,000 ਏਕੜ ਸੜੇ ਹਨ ਅਤੇ ਇੱਥੇ ਵੀ ਕਈ ਮੌਤਾਂ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਕੈਲੀਫੋਰਨੀਆ ‘ਚ ਤਕਰੀਬਨ 29 ਥਾਂਵਾਂ ‘ਤੇ ਇਸ ਸਮੇਂ ਭਿਆਨਕ ਅੱਗ ਨਾਲ 15000 ਫ਼ਾਇਰ ਫਾਈਟਰ ਜੂਝ ਰਹੇ ਹਨ। ਬਹੁਤ ਸਾਰੀਆਂ ਥਾਂਵਾਂ ‘ਤੇ ਬਿਜਲੀ ਗੁੱਲ ਹੈ। ਔਰੇਗਨ ਸਟੇਟ ਵਿਚ ਕਈ ਪਿੰਡ ਪੂਰੇ ਦੇ ਪੂਰੇ ਸੜ ਗਏ ਹਨ। ਔਰੇਗਨ ਸਟੇਟ ਵਿਚ ਇੱਕ ਗੋਰੇ ਸ਼ਕਸ ਮਾਈਕਲ ਜਿਰਾਰਡ ਬਕੇਲਾ (41) ਨੂੰ ਪੁਲਿਸ ਨੇ ਜੰਗਲੀ ਅੱਗ ਸਟਾਰਟ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਕਥਿਤ ਦੋਸ਼ੀ ਡਰੱਗ ਵੇਚਣ ਮਾਮਲੇ ਵਿਚ ਜ਼ਮਾਨਤ ‘ਤੇ ਬਾਹਰ ਸੀ। ਇਸੇ ਤਰੀਕੇ ਹੋਰ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਪੁਲਿਸ ਕਈ ਪਹਿਲੂਆਂ ‘ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਬਹੁਤ ਸਾਰੀਆਂ ਸਟੇਟਾਂ ਵਿਚ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਇਨ੍ਹਾਂ ਅੱਗਾ ਦੇ ਧੂੰਏਂ ਦਾ ਗ਼ੁਬਾਰ ਕੈਲੀਫੋਰਨੀਆ, ਔਰੇਗਨ, ਵਾਸਿੰਗਟਨ ਤੋਂ ਬਾਅਦ ਕੈਨੇਡਾ ਬੀ.ਸੀ. ਇਲਾਕੇ ਤੱਕ ਪਹੁੰਚ ਗਿਆ ਹੈ ਅਤੇ ਇਸ ਧੂੰਏਂ ਕਾਰਨ ਬਹੁਤ ਵੱਡੀ ਗਿਣਤੀ ਵਿਚ ਲੋਕ ਸਾਹ ਲੈਣ ਦੀ ਤਕਲੀਫ਼ ਤੋਂ ਪੀੜਤ ਹਨ ਅਤੇ ਲੋਕ ਆਪੋ ਆਪਣੇ ਤਰੀਕੇ ਨਾਲ ਪੀੜਤ ਲੋਕਾਂ ਲਈ ਫੰਡ ਇਕੱਤਰ ਕਰਕੇ ਦੁੱਖੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਚ ਵੀ ਸਿੱਖ ਸੰਗਤ ਫ਼ਾਇਰ ਫਾਈਟਰਜ਼ ਲਈ ਫੰਡ ਅਤੇ ਲੋੜੀਂਦਾ ਸਮਾਨ ਇਕੱਤਰ ਕਰ ਰਹੀ ਹੈ। ਇਸ ਸਮੇਂ ਅਮਰੀਕਾ ਵਿਚ ਹਰ ਕੋਈ ਫ਼ਾਇਰ ਕਰਮੀਆਂ ਦੇ ਕੰਮ ਦੀ ਸਲਾਹਣਾ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਫ਼ਾਇਰ ਫਾਇਟਰਜ਼ ਦੀ ਮਿਹਨਤ ਰੰਗ ਲਿਆਵੇਗੀ ਅਤੇ ਜਲਦ ਇਨ੍ਹਾਂ ਅੱਗਾਂ ‘ਤੇ ਕਾਬੂ ਪਾਇਆ ਜਾ ਸਕੇਗਾ।

 


Share