ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਵੱਲੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਡਿਜੀਟਲ ਗੱਲਬਾਤ

504
Share

-ਅਮਰੀਕੀ ਸਿੱਖ ਪੰਜਾਬ ਨੂੰ ਸਿੱਖਿਆ ਤੇ ਵਾਤਾਵਰਣ ਖੇਤਰ ‘ਚ ਵਿਕਸਿਤ ਕਰਨ ਦੇ ਇਛੁੱਕ
ਵਾਸ਼ਿੰਗਟਨ, 15 ਜੁਲਾਈ (ਰਾਜ ਗੋਗਨਾ/ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਥੇ ਵਸਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਡਿਜੀਟਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ ਵਿਦੇਸ਼ੀ ਨੇਤਾਵਾਂ ਨੇ ਪੰਜਾਬ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਭਾਰਤ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੀ ਵਚਨਬੱਧਤਾ ਜਤਾਈ। ਸ਼੍ਰੀ ਸੰਧੂ ਨੇ ਗੱਲਬਾਤ ਤੋਂ ਤੁਰੰਤ ਬਾਅਦ ਟਵੀਟ ਕੀਤਾ, ”ਭਾਰਤੀ-ਅਮਰੀਕੀ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਨਾਲ ਇੱਕ ਵਧੀਆ ਗੱਲਬਾਤ ਹੋਈ।” ਇਸ ਡਿਜੀਟਲ ਸੰਵਾਦ ‘ਚ ਤਕਰੀਬਨ 100 ਪ੍ਰਮੁੱਖ ਸਿੱਖ ਨੇਤਾਵਾਂ ਨੇ ਹਿੱਸਾ ਲਿਆ। ਦੋ ਘੰਟਿਆਂ ਦੀ ਡਿਜੀਟਲ ਮੀਟਿੰਗ ਦੌਰਾਨ ਰਾਜਦੂਤ ਨੇ ਭਾਈਚਾਰੇ ਨੂੰ ਭਾਰਤ-ਅਮਰੀਕਾ ਰਣਨੀਤਕ ਸਬੰਧਾਂ ਬਾਰੇ ਜਾਣੂ ਕਰਵਾਇਆ ਅਤੇ ਅਮਰੀਕਾ ਦੇ ਸਮਾਜਿਕ-ਆਰਥਿਕ ਖੇਤਰ ਅਤੇ ਭਾਰਤ ਦੇ ਵਿਕਾਸ ਵਿਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਦੀ ਸ਼ਲਾਘਾ ਕੀਤੀ। ਸਿੱਖ ਲੀਡਰਾਂ ਨੇ ਪੰਜਾਬ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ‘ਚ ਵਿਕਾਸ ਲਈ ਸਹਾਇਤਾ ਕਰਨ ਦੀ ਇੱਛਾ ਜਤਾਈ। ਸੰਵਾਦ ‘ਚ ਸ਼ਾਮਲ ਹੋਏ ਅਧਿਕਾਰੀ ਨੇ ਕਿਹਾ, ”ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੁਝ ਕਰਨ ਪ੍ਰਤੀ ਬਹੁਤ ਉਤਸ਼ਾਹ ਹੈ।”


Share