ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਦੀ ਕੋਰੋਨਾਵਾਇਰਸ ਨਾਲ ਮੌਤ

658
Share

ਨਿਊਯਾਰਕ, 8 ਜੂਨ (ਪੰਜਾਬ ਮੇਲ)- ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਨੇਤਾ ਅਤੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਆਫ ਨਿਊਯਾਰਕ, ਨਿਊਜਰਸੀ ਐਂਡ ਕਨੈਕਟਿਕਟ (ਐੱਫ.ਆਈ.ਏ. ਟ੍ਰਾਈ ਸਟੇਟ) ਦੇ ਪ੍ਰਧਾਨ ਰਹੇ ਰਮੇਸ਼ ਪਟੇਲ ਦੀ ਇਥੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੌਤ ਹੋ ਗਈ। ਪਟੇਲ (78) ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਸੁਵਾਸ ਅਤੇ ਧੀਆਂ ਮਨੀਸ਼ਾ ਅਤੇ ਕੁੰਜਲ ਹਨ। ਅਮਰੀਕਾ ‘ਚ ਭਾਰਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪਟੇਲ ਦੀ ਮੌਤ ‘ਤੇ ਸ਼ੋਕ ਵਿਅਕਤ ਕੀਤਾ ਹੈ। ਸੰਧੂ ਨੇ ਟਵੀਟ ਕੀਤਾ ਕਿ ਕੋਵਿਡ-19 ਨਾਲ ਕਰੀਬ 2 ਮਹੀਨੇ ਤੱਕ ਜੰਗ ਤੋਂ ਬਾਅਦ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰ ਅਤੇ ਪ੍ਰਧਾਨ ਰਮੇਸ਼ ਪਟੇਲ ਦੀ ਮੌਤ ਦੇ ਬਾਰੇ ਵਿਚ ਜਾਣ ਕੇ ਦੁੱਖ ਹੋਇਆ।
ਉਨ੍ਹਾਂ ਅੱਗੇ ਆਖਿਆ ਕਿ ਭਾਰਤੀ-ਅਮਰੀਕੀ ਭਾਈਚਾਰੇ ਦੇ ਬੇਹੱਦ ਸਨਮਾਨਿਤ ਨੇਤਾ, ਸਾਨੂੰ ਉਨ੍ਹਾਂ ਦੀ ਹਮੇਸ਼ਾ ਕਮੀ ਮਹਿਸੂਸ ਹੋਵੇਗੀ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਨਿਊਯਾਰਕ ‘ਚ ਭਾਰਤ ਦੇ ਕੌਂਸਲੇਟ ਜਨਰਲ ਸੰਦੀਪ ਚੱਕਰਵਰਤੀ ਨੇ ਵੀ ਟਵੀਟ ਕਰ ਪਟੇਲ ਦੀ ਮੌਤ ‘ਤੇ ਦੁੱਖ ਵਿਅਕਤ ਕਰਦੇ ਹੋਏ ਇਸ ਨੂੰ ਭਾਰਤੀ-ਅਮਰੀਕੀ ਭਾਈਚਾਰੇ ਲਈ ਵੱਡਾ ਹਾਦਸਾ ਕਰਾਰ ਦਿੱਤਾ। ਭਾਈਚਾਰਕ ਸੇਵਾ ਤੋਂ ਇਲਾਵਾ ਪਟੇਲ ਨੇ ਨਿਊਯਾਰਕ ਪੁਲਿਸ ਵਿਭਾਗ ਦੀ ਫੋਰੈਂਸਿਕ ਜਾਂਚ ਸ਼ਾਖਾ ਵਿਚ ਕੰਮ ਕੀਤਾ ਅਤੇ 2013 ‘ਚ ਉਨ੍ਹਾਂ ਵੱਕਾਰੀ ਇਲੀਸ ਆਈਲੈਂਡ ਮੈਡਲ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਸੀ।


Share