ਅਮਰੀਕਾ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਸਬੰਧੀ ਥੋੜ੍ਹੀ ਉਡੀਕ ਕਰਨ ਦੀ ਜ਼ਰੂਰਤ : ਸੁਪਰੀਮ ਕੋਰਟ

485
Share

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਕਿਹਾ ਕਿ ਅਮਰੀਕਾ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਸਬੰਧੀ ਕੇਂਦਰ ਸਰਕਾਰ ਨੂੰ ਨਿਦਰੇਸ਼ ਜਾਰੀ ਕਰਨ ਲਈ ਥੋੜ੍ਹੀ ਉਡੀਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੋਵਾਂ ਵੱਲੋਂ ਭਾਰਤੀ ਨਾਗਰਿਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਸਟਿਸ ਐੱਨ.ਵੀ. ਰਮੰਨਾ, ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਕਰੋਨਾਵਾਇਰਸ ਕਾਰਨ ਫਸੇ ਭਾਰਤੀਆਂ ਦੇ ਵੀਜ਼ੇ ਦੀ ਮਿਆਦ ਵਧਾ ਦਿੱਤੀ ਹੈ। ਅਜਿਹੇ ‘ਚ ਭਾਰਤੀਆਂ ਨੂੰ ਵਾਪਸ ਲਿਆਉਣ ਸਬੰਧੀ ਨਿਰਦੇਸ਼ ਦੇਣੇ ਮੁਸ਼ਕਲ ਹਨ। ਅਦਾਲਤ ਨੇ ਕਿਹਾ ਕਿ ਕੋਰੋਨਵਾਇਰਸ ਕਿਸੇ ਇੱਕ ਮੁਲਕ ਲਈ ਨਹੀਂ, ਬਲਕਿ ਸਾਰੀ ਦੁਨੀਆਂ ਦੀ ਸਾਂਝੀ ਸਮੱਸਿਆ ਹੈ ਤੇ ਹਰ ਮੁਲਕ ਆਪਣੇ ਵੱਲੋਂ ਸਰਵੋਤਮ ਕੋਸ਼ਿਸ਼ ਕਰ ਰਿਹਾ ਹੈ। ਅਦਾਲਤ ਨੇ ਕਿਹਾ, ‘ਅਸੀਂ ਜਿੰਨਾ ਮਰਜ਼ੀ ਚਾਹੀਏ, ਪਰ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ। ਉਹ ਅਮਰੀਕਾ ਦੀਆਂ ਵੱਖ-ਵੱਖ ਥਾਵਾਂ ‘ਤੇ ਹਨ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਅਮਰੀਕੀ ਸਰਕਾਰ ਨੇ ਵੀਜ਼ਿਆਂ ਦੀ ਮਿਆਦ ਵਧਾ ਦਿੱਤੀ ਹੈ। ਸਾਨੂੰ ਥੋੜ੍ਹਾ ਸਮਾਂ ਉਡੀਕ ਕਰਨੀ ਚਾਹੀਦੀ ਹੈ।’ ਅਪੀਲਕਰਤਾ ਸੀਨੀਅਰ ਵਕੀਲ ਵਿਭਾ ਦੱਤਾ ਮਖੀਜਾ ਨੇ ਕਿਹਾ ਕਿ ਵੀਜ਼ਾ ਵਧਾਉਣ ਦਾ ਖਰਚ ਪੰਜ ਸੌ ਡਾਲਰ ਤੱਕ ਹੈ ਤੇ ਅਜਿਹੀ ਕੋਈ ਗਾਰੰਟੀ ਨਹੀਂ ਕਿ ਅਮਰੀਕੀ ਸਰਕਾਰ ਵੀਜ਼ਾ ਵਧਾਏਗੀ। ਅਦਾਲਤ ਨੇ ਕਿਹਾ, ‘ਉਹ ਵੱਖਰੀ ਸਰਕਾਰ ਹੈ। ਅਸੀਂ ਉਨ੍ਹਾਂ ਦੇ ਫ਼ੈਸਲਿਆਂ ‘ਤੇ ਕਿੰਤੂ ਨਹੀਂ ਕਰ ਸਕਦੇ। ਭਾਰਤ ਸਰਕਾਰ ਅਮਰੀਕਾ ਨੂੰ ਕੋਈ ਸਮੱਸਿਆ ਨਾ ਖੜ੍ਹੀ ਕਰਨ ਦੀ ਅਪੀਲ ਕਰ ਸਕਦੀ ਹੈ।


Share