ਅਮਰੀਕਾ ’ਚ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਾਰੇ ਗਏ ਕਾਲੇ ਵਿਅਕਤੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਪ੍ਰਦਰਸ਼ਨ

79
Share

ਕੋਲੰਬਸ, 25 ਦਸੰਬਰ (ਪੰਜਾਬ ਮੇਲ)- ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿਖੇ ਇਕ ਪੁਲਿਸ ਅਧਿਕਾਰੀ ਦੀ ਗੋਲੀ ਦਾ ਸ਼ਿਕਾਰ ਹੋਏ ਆਂਦਰੇ ਹਿੱਲ ਨਾਮੀ ਇਕ ਕਾਲੇ ਵਿਅਕਤੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਕਿ੍ਰਸਮਸ ਦੀ ਪਹਿਲੀ ਸ਼ਾਮ ਇਥੇ ਵਿਖਾਵਾ ਕੀਤਾ। ਹਿੱਲ ਦੇ ਘਰ ਦੇ ਕੋਲ ਵਿਖਾਵਾਕਾਰੀਆਂ ਨੇ ਨਾਅਰੇ ਲਾਏ, ‘ਇਹ ਕਿਸ ਦੀ ਸੜਕ ਹੈ? ਇਹ ਸਾਡੀ ਸੜਕ ਹੈ।’ ਕੁਝ ਵਿਅਕਤੀਆਂ ਨੇ ‘ਬਲੈਕ ਲਾਈਵਸ ਮੈਟਰ’ ਵਾਲੇ ਬੈਨਰ ਫੜੇ ਹੋਏ ਸਨ। 47 ਸਾਲਾ ਹਿੱਲ ਨੂੰ ਮੰਗਲਵਾਰ ਇਕ ਪੁਲਿਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ। ਕੋਲੰਬਸ ਦੇ ਪੁਲਿਸ ਮੁਖੀ ਥਾਮਸ ਨੇ ਆਂਦਰੇ ਹਿੱਲ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੁਲਜ਼ਮ ਅਧਿਕਾਰੀ ਨੂੰ ਇਸੇ ਹਫਤੇ ਨੌਕਰੀ ਤੋਂ ਹਟਾ ਦਿੱਤਾ ਜਾਏਗਾ। ਮੁਲਜ਼ਮ ਜਿਸ ਦੀ ਪਛਾਣ ਐਡਮ ਕਾਏ ਵਜੋਂ ਹੋਈ ਹੈ, ਵਿਰੁੱਧ ਦੋ ਦੋਸ਼ਾਂ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਸ ਨੂੰ ਹਟਾਉਣ ਦੀ ਸਿਫਾਰਿਸ਼ ਸ਼ਹਿਰ ਦੇ ਲੋਕ ਸੁਰੱਖਿਆ ਨਿਰਦੇਸ਼ਕ ਕੋਲ ਭੇਜੀ ਜਾਏਗੀ। ਇਸ ਸਬੰਧੀ ਆਉਂਦੇ ਸੋਮਵਾਰ ਫੈਸਲਾ ਆਏਗਾ। ਹਿੱਲ ਦੀ ਮੌਤ ਸਬੰਧੀ ਇਕ ਵੀਡੀਓ ਸਾਹਮਣੇ ਆਈ ਹੈ। ਉਸ ਵਿਚ ਹਿੱਲ ਇਕ ਹੱਥ ’ਚ ਮੋਬਾਈਲ ਫੜੀ ਇਕ ਗੈਰਾਜ ਵਿਚੋਂ ਬਾਹਰ ਆਉਂਦਾ ਦਿਸਦਾ ਹੈ। ਇਸੇ ਦੌਰਾਨ ਪੁਲਿਸ ਅਧਿਕਾਰੀ ਉਸ ਨੂੰ ਗੋਲੀ ਮਾਰ ਦਿੰਦਾ ਹੈ।

Share