ਅਮਰੀਕਾ ‘ਚ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਜੌਹਨ ਲੂਈਸ ਦਾ ਦਿਹਾਂਤ

291
Share

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਸੰਸਦ ਮੈਂਬਰ ਜੌਹਨ ਲੂਈਸ ਦਾ ਦਿਹਾਂਤ ਹੋ ਗਿਆ। ਉਸ ਨੇ 80 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸਦਨ ਦੀ ਪ੍ਰਤੀਨਿਧੀ ਸਪੀਕਰ ਨੈਨਸੀ ਪੇਲੋਸੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਅਮਰੀਕੀ ਇਤਿਹਾਸ ਦੇ ਮਹਾਨ ਨਾਇਕਾਂ ‘ਚੋਂ ਇਕ ਦੱਸਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਸਮੇਤ ਪੂਰੇ ਅਮਰੀਕਾ ‘ਚ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡੇ ਨੂੰ ਝੁਕਾਅ ਦਿੱਤਾ ਗਿਆ।
ਲੂਈਸ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ‘ਬਿਗ ਸਿਕਸ’ ਕਾਰਕੁਨਾਂ ਵਿਚੋਂ ਇੱਕ ਸਨ। ਇਸ ਅੰਦੋਲਨਕਾਰੀ ਸਮੂਹ ਦੀ ਅਗਵਾਈ ਮਾਰਟਿਨ ਲੂਥ ਕਿੰਗ ਜੂਨੀਅਰ ਨੇ ਕੀਤੀ ਸੀ। ਲੂਈਸ ਉਸ ਸਮੇਂ ‘ਬਿਗ ਸਿਕਸ’ ਕਾਰਕੁਨਾਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਸਨ। 1963 ‘ਚ ਵਾਸ਼ਿੰਗਟਨ ਮਾਰਚ ‘ਚ ਭਾਸ਼ਣ ਦੇਣ ਵਾਲੇ ਉਹ ‘ਬਿਗ ਸਿਕਸ’ ਕਾਰਕੁੰਨਾਂ ਵਿਚ ਸ਼ਾਮਲ ਆਖਰੀ ਬਚੇ ਹੋਏ ਮੈਂਬਰ ਸਨ। ਜੌਹਨ ਲੂਈਸ ਅਟਲਾਂਟਾ ਤੋਂ ਹਾਊਸ ਆਫ਼ ਰਿਪਰੈਜ਼ੈਂਟੇਟਿਵ ਦੇ ਮੈਂਬਰ ਸਨ।
ਪੇਲੋਸੀ ਨੇ ਕਿਹਾ ਉਨ੍ਹਾਂ ਜਿਹਾ ਸਾਥੀ ਕਰਮਚਾਰੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਨੂੰ ਉਨ੍ਹਾਂ ਦੇ ਦਿਹਾਂਤ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਸੈਨੇਟਰ ਮਿਚ ਮੈਕੋਨੈਲ ਨੇ ਵੀ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜੌਹਨ ਲੂਈਸ ਨੇ ਦਸੰਬਰ 2019 ਵਿਚ ਕੈਂਸਰ ਤੋਂ ਪੀੜਤ ਹੋਣ ਦਾ ਐਲਾਨ ਵੀ ਕੀਤਾ ਸੀ।


Share