ਅਮਰੀਕਾ ‘ਚ ਨਫਰਤ ਕਾਰਨ 13 ਸਾਲ ਦੀ ਇਕ ਮੁਸਲਿਮ ਲੜਕੀ ਦਾ ਹਿਜਾਬ ਹਟਾਇਆ

ਵਾਸ਼ਿੰਗਟਨ, 10 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਨਫਰਤ ਕਾਰਨ 13 ਸਾਲ ਦੀ ਇਕ ਮੁਸਲਿਮ ਲੜਕੀ ਨੂੰ ਇਕ ਵਿਅਕਤੀ ਨੇ ਅੱਤਵਾਦੀ ਕਿਹਾ, ਉਸ ਦਾ ਹਿਜਾਬ ਹਟਾ ਦਿੱਤਾ ਤੇ ਉਸ ਨੂੰ ਚਾਕੂ ਨਾਲ ਡਰਾਇਆ। ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਪੁਲਸ ਨਫਰਤ ‘ਤੇ ਆਧਾਰਿਤ ਅਪਰਾਧ ਦੇ ਰੂਪ ‘ਚ ਇਸ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਉਸ ਨੂੰ ਉਸ ਦੇ ਧਾਰਮਿਕ ਪਹਿਰਾਵੇ ਨੂੰ ਲੈ ਕੇ ਨਿਸ਼ਾਨਾ ਬਣਾਇਆ ਗਿਆ।
ਪੁਲਸ ਮੁਤਾਬਕ ਵਰਜੀਨੀਆ ਸੂਬੇ ਦੇ ਵੁਡਬ੍ਰਿਜ ‘ਚ 6 ਅਪ੍ਰੈਲ ਨੂੰ ਲੜਕੀ ਕਿਤੇ ਜਾ ਰਹੀ ਸੀ ਉਦੋਂ ਇਕ ਅਜਨਬੀ ਉਸ ਕੋਲ ਆਇਆ ਤੇ ਉਸ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਉਸ ਦਾ ਹੱਥ ਫੜ੍ਹ ਲਿਆ। ਉਹ ਵਿਅਕਤੀ ਉਸ ਦਾ ਹੱਥ ਮਰੋੜ ਦੀ ਕੋਸ਼ਿਸ਼ ਕਰਨ ਲੱਗਾ ਤੇ ਉਸ ਦੇ ਹੱਥਾਂ ‘ਤੇ ਚਾਕੂ ਰੱਖ ਦਿੱਤਾ। ਉਸ ਨੇ ਲੜਕੀ ਨੂੰ ਅੱਤਵਾਦੀ ਵੀ ਕਿਹਾ।
ਜਦੋਂ ਲੜਕੀ ਰੌਲਾ ਪਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਵਿਅਕਤੀ ਨੇ ਉਸ ਦਾ ਹਿਜਾਬ ਹਟਾ ਕੇ ਹੱਥ ਨਾਲ ਉਸ ਦਾ ਮੁੰਹ ਬੰਦ ਕਰ ਦਿੱਤਾ। ਇਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਆਇਆ ਤੇ ਉਸ ਨੂੰ ਦੇਖ ਹਮਲਾਵਰ ਉਥੋਂ ਭੱਜ ਗਿਆ। ਲੜਕੀ ਨੇ ਪੂਰੀ ਗੱਲ ਪੁਲਸ ਨੂੰ ਦੱਸੀ, ਪੁਲਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਅਮਰੀਕਾ ‘ਚ ਨਫਰਤ ਆਧਾਰਿਤ ਅਪਰਾਧਾਂ ਤੇ ਹਿਜਾਹ ਪਾਉਣ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾਵਾਂ ‘ਚ ਵਾਧੇ ਵਿਚਾਲੇ ਹੋਈ ਹੈ।