PUNJABMAILUSA.COM

ਅਮਰੀਕਾ ‘ਚ ਟਰੱਕਾਂ ਵਾਲਿਆਂ ਦੀ ਹੜਤਾਲ

 Breaking News

ਅਮਰੀਕਾ ‘ਚ ਟਰੱਕਾਂ ਵਾਲਿਆਂ ਦੀ ਹੜਤਾਲ

ਅਮਰੀਕਾ ‘ਚ ਟਰੱਕਾਂ ਵਾਲਿਆਂ ਦੀ ਹੜਤਾਲ
October 11
10:31 2017

ਕੀ ਰੰਗ ਲਿਆਏਗੀ, ਪੰਜਾਬੀ ਟਰੱਕਰਾਂ ਦੀ ਇੱਕਜੁਟਤਾ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਭਰ ਵਿਚ ਇਸ ਵੇਲੇ ਟਰੱਕਾਂ ਬਾਰੇ ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਵਿਰੁੱਧ ਸਖ਼ਤ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ਉਪਰ ਟਰੱਕਾਂ ਵਾਲਿਆਂ ਵੱਲੋਂ ਮੁਜ਼ਾਹਰੇ ਅਤੇ ਵੱਖ-ਵੱਖ ਢੰਗਾਂ ਨਾਲ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ। ਫੈਡਰਲ ਸਰਕਾਰ ਨੇ ਅਮਰੀਕਾ ਵਿਚ ਟਰੱਕ ਚਲਾਉਣ ਦੇ ਸਮੇਂ ਨੂੰ ਸੀਮਾਬੱਧ ਕਰਨ ਲਈ ਇਕ ਨਵਾਂ ਕਾਨੂੰਨ ਬਣਾਇਆ ਹੈ, ਜਿਸ ਤਹਿਤ ਹਰ ਟਰੱਕ ਉਪਰ ਇਕ ਇਲੈਕਟ੍ਰਾਨਿਕ ਲਾਗ ਬੁੱਕ ਡਿਵਾਈਸ ਲੱਗੇਗੀ। ਇਸ ਡਿਵਾਈਸ ਰਾਹੀਂ ਟਰੱਕ ਵੱਲੋਂ ਤੈਅ ਕੀਤੇ ਸਫਰ ਅਤੇ ਸਮੇਂ ਦਾ ਸਾਰਾ ਵੇਰਵਾ ਦਰਜ ਹੋਵੇਗਾ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਸੜਕਾਂ ਉਪਰ ਲੰਬਾ ਸਮਾਂ ਡਰਾਈਵਿੰਗ ਕਰਨ ਕਾਰਨ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਲਾਗੂ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਦਾ ਇਹ ਨਵਾਂ ਕਾਨੂੰਨ 18 ਦਸੰਬਰ ਤੋਂ ਲੰਬੇ ਰੂਟਾਂ ਵਾਲੇ ਟਰੱਕਾਂ ਉਪਰ ਲਾਗੂ ਹੋਵੇਗਾ। ਇਸ ਵੇਲੇ ਟਰੱਕਰ ਪੇਪਰ ਲਾਗ ਬੁੱਕ ਭਰਦੇ ਹਨ। ਇਸ ਲਾਗ ਬੁੱਕ ਦਾ ਫਾਇਦਾ ਇਹ ਹੈ ਕਿ ਟਰੱਕ ਜਿੰਨਾ ਸਮਾਂ ਚੱਲਦਾ ਹੈ, ਉਸ ਦਾ ਰਿਕਾਰਡ ਇਸ ਬੁੱਕ ਵਿਚ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਜਦ ਕਿਤੇ ਟਰੱਕ ਰੁੱਕਦਾ ਹੈ, ਤਾਂ ਟਰੱਕ ਦੇ ਰੁਕਣ ਦਾ ਸਮਾਂ ਉਸ ਵਿਚ ਦਰਜ ਨਹੀਂ ਹੁੰਦਾ। ਪਰ ਨਵੀਂ ਇਲੈਕਟ੍ਰਾਨਿਕ ਲਾਗ ਬੁੱਕ ਜਦੋਂ ਸ਼ੁਰੂ ਹੋ ਜਾਵੇਗੀ, ਤਾਂ 14 ਘੰਟਿਆਂ ਮਗਰੋਂ ਹਰ ਹਾਲ ਵਿਚ ਇਸ ਨੂੰ ਬੰਦ ਕਰਨਾ ਪਵੇਗਾ। ਅਜਿਹਾ ਕਰਨ ਨਾਲ ਟਰੱਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਅਜਿਹੀਆਂ ਥਾਵਾਂ ਉਪਰ ਰੁਕਣ ਲਈ ਮਜਬੂਰ ਹੋਣਾ ਪਵੇਗਾ, ਜਿੱਥੇ ਹਾਲਾਤ ਖਤਰਨਾਕ ਹੁੰਦੇ ਹਨ ਜਾਂ ਜਿੱਥੇ ਡਰਾਈਵਰਾਂ ਦੇ ਨੁਕਸਾਨ ਦਾ ਖਦਸ਼ਾ ਹੁੰਦਾ ਹੈ। ਟਰੱਕਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਵੀ ਜਗ੍ਹਾ ਪਾਰਕ ਕਰਨ ਲਈ ਉਨ੍ਹਾਂ ਉਤੇ ਖਰਚੇ ਦਾ ਵਾਧੂ ਭਾਰ ਪਵੇਗਾ। ਟਰੱਕਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੀ ਡਿਵਾਈਸ ਲਾਉਣ ਨਾਲ ਵੱਡੀਆਂ ਕੰਪਨੀਆਂ ਨੂੰ ਤਾਂ ਕੋਈ ਖਾਸ ਫਰਕ ਨਹੀਂ ਪੈਣਾ, ਪਰ ਛੋਟੇ ਟਰੱਕ ਮਾਲਕਾਂ ਲਈ ਇਹ ਬੇਹੱਦ ਨੁਕਸਾਨਦੇਹ ਸਾਬਤ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਪਰ ਅਤੇ ਰਸੀਵਰ ਸਮੇਂ ਟਰੱਕਾਂ ਵਾਲਿਆਂ ਨੂੰ ਟਰੱਕ ਖਾਲੀ ਕਰਨ ਲਈ ਸਿਰਫ ਦੋ ਘੰਟੇ ਦੀ ਮੋਹਲਤ ਹੁੰਦੀ ਹੈ। ਇਸ ਤੋਂ ਬਾਅਦ ਟਰੱਕਰਾਂ ਨੂੰ ਉਥੇ ਇਕ ਮਿੰਟ ਵੀ ਨਹੀਂ ਰੁਕਣ ਦਿੱਤਾ ਜਾਂਦਾ। ਟਰੱਕਰ ਇਸ ਗੱਲ ਦੀ ਵੀ ਮੰਗ ਕਰ ਰਹੇ ਹਨ ਕਿ ਡਿਵਾਈਸ ਲਾਗ ਕਰਨ ਤੋਂ ਪਹਿਲਾਂ ਵੱਖ-ਵੱਖ ਥਾਵਾਂ ਉਪਰ ਯੋਗ ਪਾਰਕਿੰਗ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੀਆਂ ਥਾਵਾਂ ਉਪਰ ਲੋੜ ਮੁਤਾਬਕ ਪਾਰਕਿੰਗ ਪਲੇਸ ਨਹੀਂ ਹਨ। ਅਗਰ ਇਹ ਡਿਵਾਈਸ ਇਕਦਮ ਲਾਗੂ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪਾਰਕਿੰਗ ਲਈ ਖਰਚਾ ਦੇਣਾ ਪਵੇਗਾ ਅਤੇ ਨਾਲ ਹੀ ਪਾਰਕਿੰਗ ਦੀ ਸਮੱਸਿਆਵਾ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਟਰੱਕਰਾਂ ਵੱਲੋਂ ਹੋਰ ਵੀ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਰਸਤੇ ਵਿਚ ਰੁਕਣ ਅਤੇ ਜਾਮ ਆਦਿ ਵਿਚ ਫਸਣ ਦੇ ਸਮੇਂ ਦਾ ਕਿਰਾਇਆ ਵੀ ਦਿੱਤਾ ਜਾਵੇ ਅਤੇ ਦਫਤਰਾਂ ਵਿਚ ਬੈਠ ਕੇ ਭਾਰੀ ਮੁਨਾਫੇ ਕਮਾਉਣ ਵਾਲੇ ਬਰੋਕਰਾਂ ਉੱਤੇ ਲਗਾਮ ਕੱਸ ਕੇ ਬਰੋਕਰਾਂ ਦੀ ਕਮਿਸ਼ਨ ਵੀ ਨਿਸ਼ਚਿਤ ਕੀਤੀ ਜਾਵੇ। ਟਰੱਕਰ ਇਹ ਵੀ ਮੰਗ ਕਰ ਰਹੇ ਹਨ ਕਿ ਟਰੱਕ ਡਰਾਈਵਰਾਂ ਨਾਲ ਇੱਜ਼ਤ-ਮਾਣ ਵਾਲਾ ਸਲੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਈ.ਐੱਲ.ਡੀ. (ਇਲੈਕਟ੍ਰਾਨਿਕ ਲਾਗ ਬੁੱਕ ਡਿਵਾਈਸ) ਨੂੰ ‘ਨੋ’ ਕਹਿਣ ਦਾ ਹੱਕ ਦਿੱਤਾ ਜਾਵੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਟਰੱਕ ਕਾਰੋਬਾਰ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਇਸ ਸਮੇਂ ਢੋਆ-ਢੋਆਈ ਦੀ ਸਾਡੇ ਸਮਾਜਿਕ ਵਿਕਾਸ ਵਿਚ ਅਹਿਮੀਅਤ ਹੋਰ ਵਧੇਰੇ ਵਧ ਗਈ ਹੈ। ਅਮਰੀਕਾ ਖਾਸ ਕਰਕੇ ਕੈਲੀਫੋਰਨੀਆ ਵਿਚ ਟਰੱਕਿੰਗ ਵਿਚ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਹੈ। ਜੇਕਰ ਸਰਕਾਰ ਟਰੱਕਰਾਂ ਦੇ ਮਸਲੇ ਹੱਲ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਸੜਕਾਂ ਉੱਤੇ ਉਤਰਨਾ ਪੈਂਦਾ ਹੈ, ਤਾਂ ਇਸ ਦਾ ਨੁਕਸਾਨ ਭਾਵੇਂ ਫੌਰੀ ਤੌਰ ‘ਤੇ ਟਰੱਕਰਾਂ ਨੂੰ ਹੀ ਝੱਲਣਾ ਪਵੇਗਾ। ਪਰ ਨਾਲ ਦੀ ਨਾਲ ਅਮਰੀਕਾ ਦੀ ਆਰਥਿਕਤਾ ਲਈ ਵੀ ਇਹ ਵੱਡਾ ਨੁਕਸਾਨ ਹੋਵੇਗਾ। ਟਰੱਕਾਂ ਦੇ ਸਫਰ ਨੂੰ ਸਮਾਂਬੱਧ ਕਰਨ ਵੇਲੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਕਿ ਟਰੱਕ ਦੇ ਚੱਲਣ ਤੋਂ ਬਾਅਦ ਰਸਤੇ ਵਿਚ ਰੁਕਾਵਟ ਪੈਣ ਜਾਂ ਜਾਮ ਲੱਗਣ ਨਾਲ ਕਈ ਵਾਰ ਵਾਧੂ ਸਮਾਂ ਲੱਗ ਜਾਂਦਾ ਹੈ। ਅਜਿਹੀ ਹਾਲਤ ਵਿਚ ਟਰੱਕ ਆਪਣਾ ਸਫਰ ਮਿੱਥੇ ਸਮੇਂ ਵਿਚ ਪੂਰਾ ਨਹੀਂ ਕਰ ਸਕਦਾ। ਜੇਕਰ ਉਹ ਮਿੱਥੇ ਸਮੇਂ ਉਪਰ ਸਮਾਂਬੱਧ ਢੰਗ ਨਾਲ ਨਹੀਂ ਪਹੁੰਚਦਾ, ਤਾਂ ਉਸ ਨੂੰ ਜ਼ੁਰਮਾਨੇ ਦਾ ਵੀ ਸਾਹਮਣਾ ਕਰਨਾ ਪਵੇਗਾ ਅਤੇ ਦੇਰੀ ਹੋਣ ਨਾਲ ਹੋਰ ਪੈਨਲਟੀਆਂ ਵੀ ਪੈ ਸਕਦੀਆਂ ਹਨ। ਟਰੱਕਰਾਂ ਦਾ ਇਹ ਵੀ ਕਹਿਣਾ ਹੈ ਕਿ 10-12 ਘੰਟੇ ਸੌਣ ਲਈ ਕਿਸੇ ਵਿਅਕਤੀ ਨੂੰ ਜ਼ਰੂਰੀ ਨਹੀਂ। ਉਹ ਇਹ ਵੀ ਕਹਿੰਦੇ ਹਨ ਕਿ ਸੜਕਾਂ ਉੱਤੇ ਦੁਰਘਟਨਾਵਾਂ ਲਈ ਸਿਰਫ ਟਰੱਕਾਂ ਵਾਲੇ ਹੀ ਜ਼ਿੰਮੇਵਾਰ ਨਹੀਂ ਹੁੰਦੇ, ਸਗੋਂ ਬਹੁਤਾ ਕਰਕੇ ਛੋਟੀਆਂ ਗੱਡੀਆਂ ਵਾਲੇ ਵਧੇਰੇ ਜ਼ਿੰਮੇਵਾਰ ਹੁੰਦੇ ਹਨ। ਕਿਉਂਕਿ ਉਹ ਆਮ ਤੌਰ ‘ਤੇ 2-2 ਜੋਬਾਂ ਕਰਦੇ ਹਨ ਜਾਂ ਕਈ ਵਾਰ ਤਾਂ 3-3 ਜੋਬਾਂ ਵੀ ਕਰਦੇ ਹਨ। ਅਜਿਹੇ ਲੋਕ ਜਦ ਉਨੀਂਦਰੇ ਮੁੱਖ ਸੜਕਾਂ ਉਪਰ ਗੱਡੀਆਂ ਚਲਾਉਂਦੇ ਹਨ, ਤਾਂ ਉਹ ਟਰੱਕਾਂ ਦੇ ਟਾਇਰਾਂ ਨਾਲ ਆ ਖਹਿੰਦੇ ਹਨ ਅਤੇ ਉਥੇ ਹੀ ਹਾਦਸਾਗ੍ਰਸਤ ਹੋ ਜਾਂਦੇ ਹਨ। ਅਜਿਹੇ ਮਾਮਲਿਆਂ ਵਿਚ ਟਰੱਕ ਡਰਾਈਵਰਾਂ ਦਾ ਕਦੇ ਵੀ ਕੋਈ ਕਸੂਰ ਨਹੀਂ ਹੁੰਦਾ। ਇਸ ਕਰਕੇ ਵੀ ਟਰੱਕਰ ਟਰੱਕਾਂ ਦੇ ਸਮੇਂ ਨੂੰ ਸੀਮਾਂਬੱਧ ਕਰਨ ਦੀ ਆਲੋਚਨਾ ਕਰ ਰਹੇ ਹਨ।
ਟਰੱਕਰਾਂ ਦੀਆਂ ਮੰਗਾਂ ਨੂੰ ਲੈ ਕੇ ਟਰੱਕਾਂ ਵਾਲਿਆਂ ਵੱਲੋਂ ਪੂਰੇ ਅਮਰੀਕਾ ਵਿਚ ਜ਼ਬਰਦਸਤ ਮੁਜ਼ਾਹਰੇ ਕੀਤੇ ਗਏ ਹਨ। 3 ਤੋਂ 8 ਅਕਤੂਬਰ ਤੱਕ ਸਾਰੇ ਅਮਰੀਕਾ ਵਿਚ ਟਰੱਕਾਂ ਵਾਲਿਆਂ ਨੇ ਹੜਤਾਲ ਕਰਕੇ ਰੋਸ ਮੁਜ਼ਾਹਰੇ ਕੀਤੇ ਗਏ ਹਨ। ਵਾਸ਼ਿੰਗਟਨ ਤੋਂ ਇਲਾਵਾ ਕੈਲੀਫੋਰਨੀਆ ਵਿਚ ਵੀ ਇਹ ਰੋਸ ਮੁਜ਼ਾਹਰੇ ਕੀਤੇ ਗਏ ਹਨ। ਸੈਕਰਾਮੈਂਟੋ, ਫਰਿਜ਼ਨੋ, ਮੁਡੈਸਟੋ, ਬੇਕਰਸਫੀਲਡ, ਯੂਬਾ ਸਿਟੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਹੋਏ ਹਨ। ਯੂਬਾ ਸਿਟੀ ਤੋਂ ਫਰਿਜ਼ਨੋ ਤੱਕ ਇਕ ਲੰਬਾ ਰੋਸ ਮਾਰਚ ਟਰੱਕਾਂ ਵਾਲਿਆਂ ਵੱਲੋਂ ਕੱਢਿਆ ਗਿਆ। ਇਸ ਰੋਸ ਮਾਰਚ ਕਾਰਨ ਹਾਈਵੇ-99 ਅਤੇ ਹਾਈਵੇ-5 ਉੱਤੇ ਥਾਂ-ਥਾਂ ਜਾਮ ਲੱਗ ਗਏ ਅਤੇ ਆਵਾਜਾਈ ਵਿਚ ਭਾਰੀ ਵਿਘਨ ਪਿਆ। ਟਰੱਕਾਂ ਕਾਰਨ ਹਾਈਵੇ ਉਪਰ ਜਾਮ ਲੱਗਣ ਅਤੇ ਹੌਲੀ-ਹੌਲੀ ਟਰੱਕ ਚਲਾਉਣ ਲਈ ਪੁਲਿਸ ਨੇ ਬਹੁਤ ਸਾਰੇ ਟਰੱਕਰਾਂ ਨੂੰ ਟਿਕਟਾਂ ਵੀ ਦਿੱਤੀਆਂ। ਪਰ ਟਰੱਕਰਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਫਰਿਜ਼ਨੋ ਤੱਕ ਰੋਸ ਮਾਰਚ ਕਰਕੇ ਹੀ ਦਮ ਲਿਆ। ਵਰਣਨਯੋਗ ਗੱਲ ਇਹ ਹੈ ਕਿ ਇਸ ਮਾਰਚ ਵਿਚ ਵੀ ਲਗਭਗ ਸਾਰੇ ਹੀ ਟਰੱਕਰ ਪੰਜਾਬੀ ਹੀ ਸਨ।
ਟਰੱਕਾਂ ਦੇ ਸਫਰ ਨੂੰ ਸਮਾਂਬੱਧ ਕਰਨ ਅਤੇ ਦੁਰਘਟਨਾਵਾਂ ਰੋਕਣ ਲਈ ਕੀਤਾ ਗਿਆ ਫੈਸਲਾ ਫੈਡਰਲ ਸਰਕਾਰ ਦਾ ਹੈ। ਫੈਡਰਲ ਮੋਟਰ ਕੈਰੀਅਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਈ.ਐੱਲ.ਡੀ. ਡਰਾਈਵਰਾਂ ਨੂੰ ਲੰਬਾ ਸਮਾਂ ਡਰਾਈਵ ਕਰਨ ਤੋਂ ਰੋਕਣ ਲਈ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਦੁਰਘਟਨਾਵਾਂ ਵਾਪਰਨ ਤੋਂ ਵੀ ਬਚਾਅ ਹੋਵੇਗਾ। ਪਰ ਵੱਡੀ ਗਿਣਤੀ ਟਰੱਕਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟਰੱਕ ਕਾਰੋਬਾਰ ਲਈ ਬੇਹੱਦ ਮਾਰੂ ਸਾਬਤ ਹੋਵੇਗਾ। ਫੈਡਰਲ ਸਰਕਾਰ ਦੇ ਇਸ ਫੈਸਲੇ ਖਿਲਾਫ ਇਸ ਵੇਲੇ ਪੂਰੇ ਅਮਰੀਕਾ ਵਿਚ ਆਵਾਜ਼ ਉਠਾਈ ਜਾ ਰਹੀ ਹੈ। ਇਸ ਕਰਕੇ ਸਮੂਹ ਟਰੱਕਰਾਂ ਵੱਲੋਂ ਇਲੈਕਟ੍ਰਾਨਿਕ ਲਾਗ ਬੁੱਕ ਡਿਵਾਈਸ ਦੇ ਕਾਨੂੰਨ ਨੂੰ ਬਦਲਾਉਣ ਲਈ ਫੈਡਰਲ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਪਵੇਗੀ। ਇਸ ਵਾਸਤੇ ਟਰੱਕਰਾਂ ਨੂੰ ਸਾਡੀ ਅਪੀਲ ਹੈ ਕਿ ਉਹ ਆਪਣੀ ਆਵਾਜ਼ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਆਪੋ-ਆਪਣੇ ਹਲਕੇ ਦੇ ਕਾਂਗਰਸਮੈਨਾਂ ਨਾਲ ਜ਼ਰੂਰ ਸੰਪਰਕ ਬਣਾਉਣ। ਉਨ੍ਹਾਂ ਨੂੰ ਆਪਣੀ ਮੰਗ ਦੀ ਵਾਜ਼ਬੀਅਤ ਦੱਸਣ ਅਤੇ ਨਾਲ ਹੀ ਇਹ ਗੱਲ ਸਮਝਾਉਣ ਦਾ ਯਤਨ ਕਰਨ ਕਿ ਉਨ੍ਹਾਂ ਦੀ ਮੰਗ ਮੰਨਣ ਨਾਲ ਨੁਕਸਾਨ ਤਾਂ ਕਿਸੇ ਦਾ ਵੀ ਨਹੀਂ ਹੋਵੇਗਾ, ਪਰ ਟਰੱਕਰਾਂ ਲਈ ਖੜ੍ਹੀ ਕੀਤੀ ਗਈ ਬੇਲੋੜੀ ਸਮੱਸਿਆ ਹੱਲ ਹੋ ਜਾਵੇਗੀ। ਇਸ ਤਰ੍ਹਾਂ ਅਸੀਂ ਕਾਂਗਰਸਮੈਨਾਂ ਨੂੰ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਰਜ਼ਾਮੰਦ ਕਰ ਲੈਂਦੇ ਹਾਂ, ਤਾਂ ਇਸ ਨਾਲ ਅਮਰੀਕਾ ਦੀ ਸੈਨੇਟ ਵਿਚ ਆਪਣੀ ਗੱਲ ਜ਼ੋਰਦਾਰ ਢੰਗ ਨਾਲ ਪਹੁੰਚਾ ਸਕਾਂਗੇ।
ਇਸੇ ਤਰ੍ਹਾਂ ਜਿਹੜੀਆਂ ਬਰੋਕਰਾਂ ਦਾ ਕਮਿਸ਼ਨ ਨਿਸ਼ਚਿਤ ਕਰਨ, ਪਾਰਕਿੰਗ ਸਪੇਸ ਦਾ ਪ੍ਰਬੰਧ ਕਰਨ ਅਤੇ ਲੁਹਾਈ ਸਮੇਂ ਸਮਾਂ ਦੇਣ ਵਰਗੀਆਂ ਹੋਰ ਮੰਗਾਂ ਵੀ ਹੱਲ ਕਰਵਾਈਆਂ ਜਾ ਸਕਦੀਆਂ ਹਨ। ਪਰ ਇਹ ਹੱਲ ਤਾਂ ਹੀ ਹੋਣਗੀਆਂ, ਜੇਕਰ ਇਨ੍ਹਾਂ ਬਾਰੇ ਟਰੱਕਰ ਆਪਣੇ ਹਲਕਿਆਂ ਦੇ ਕਾਂਗਰਸਮੈਨਾਂ ਤੱਕ ਆਪਣੀ ਗੱਲ ਸਹੀ ਤਰੀਕੇ ਨਾਲ ਪਹੁੰਚਦੀ ਕਰ ਸਕਣਗੇ। ਟਰੱਕਰਾਂ ਲਈ ਯੋਗ ਸਹੂਲਤਾਂ, ਮਾਣ-ਆਦਰ ਅਤੇ ਈ.ਐੱਲ.ਡੀ. ਡਿਵਾਈਸ ਲਾਗੂ ਨਾ ਕਰਨ ਦੇ ਫੈਸਲੇ ਤਾਂ ਹੀ ਪੂਰੇ ਹੋਣਗੇ, ਜੇਕਰ ਟਰੱਕਰ ਆਪਣੀ ਇਕਮੁੱਠਤਾ ਦਿਖਾ ਸਕਣਗੇ। ਸੁਣਨ ਵਿਚ ਆਇਆ ਹੈ ਕਿ ਕੁਝ ਪੰਜਾਬੀ ਟਰੱਕਰਾਂ ਨੇ ਇੱਕ-ਦੂਜੇ ‘ਤੇ ਦੁਸ਼ਣਬਾਜ਼ੀ ਕੀਤੀ ਹੈ, ਜੋ ਕਿ ਸਮੇਂ ਦੇ ਲਿਹਾਜ਼ ਨਾਲ ਠੀਕ ਨਹੀਂ ਹੈ। ਬਜਾਏ ਆਪਸੀ ਲੜਾਈ-ਝਗੜੇ ਦੇ ਆਪਣਾ ਧਿਆਨ ਸਰਕਾਰ ਵੱਲ ਕੇਂਦ੍ਰਿਤ ਕਰਨਾ ਜ਼ਰੂਰੀ ਹੈ, ਤਾਂਕਿ ਟਰੱਕਰ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਣ। ਪੰਜਾਬੀ ਟਰੱਕਰਾਂ ਅੰਦਰ ਇਸ ਗੱਲ ਦਾ ਵੀ ਅਹਿਸਾਸ ਵੱਧ ਰਿਹਾ ਹੈ ਕਿ ਉਨ੍ਹਾਂ ਦੀ ਕੋਈ ਰਜਿਸਟਰਡ ਸੰਸਥਾ ਹੋਣੀ ਚਾਹੀਦੀ ਹੈ। ਇਸ ਵੇਲੇ ਟਰੱਕਰਾਂ ਦੀਆਂ ਜਥੇਬੰਦੀਆਂ ਤਾਂ ਬੜੀਆਂ ਹਨ, ਪਰ ਪੰਜਾਬੀਆਂ ਦੀ ਰਜਿਸਟਰਡ ਸੰਸਥਾ ਕੋਈ ਨਹੀਂ ਹੈ। ਪੰਜਾਬੀ ਟਰੱਕਰਾਂ ਨੇ ਆਉਣ ਵਾਲੇ ਸਮੇਂ ਵਿਚ ਜਲਦ ਹੀ ਅਮਰੀਕਾ ਪੱਧਰ ‘ਤੇ ਇਕ ਜਥੇਬੰਦੀ ਕਾਇਮ ਕਰਨ ਦਾ ਯਤਨ ਸ਼ੁਰੂ ਕੀਤਾ ਹੈ, ਜੋ ਕਿ ਅਮਰੀਕਾ ਭਰ ‘ਚ ਚੱਲ ਰਹੀਆਂ ਵੱਖ-ਵੱਖ ਟਰੱਕ ਐਸੋਸੀਏਸ਼ਨਾਂ ਨਾਲ ਤਾਲਮੇਲ ਰੱਖ ਸਕੇਗੀ। ਅਜਿਹੀ ਸੰਸਥਾ ਸਰਕਾਰ ਤੋਂ ਰਜਿਸਟਰਡ ਕਰਵਾਈ ਜਾਵੇਗੀ, ਤਾਂਕਿ ਕੋਈ ਵੀ ਫੈਸਲਾ ਲੈਣ ਸਮੇਂ ਸਰਕਾਰ ਉਨ੍ਹਾਂ ਦੀ ਰਾਇ ਵੀ ਲਵੇ। ਸੋ ਇਸ ਵੇਲੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇਕਰ ਟਰੱਕ ਕਾਰੋਬਾਰ ਨੂੰ ਕਾਇਮ ਰੱਖਣਾ ਹੈ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟਰੱਕਰਾਂ ਉਪਰ ਬਿਨਾਂ ਵਜ੍ਹਾ ਬੇਲੋੜੀ ਸਖਤੀ ਕਰਨ ਦੇ ਕਾਨੂੰਨ ਬਣਾਉਣ ਦੀ ਥਾਂ, ਸਗੋਂ ਟਰੱਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰੇ। ਅਮਰੀਕਾ ਵਿਚ ਪਹਿਲੀ ਵਾਰ ਹੋਈ ਟਰੱਕਰਾਂ ਦੀ ਲੰਬੀ ਹੜਤਾਲ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੀ ਹਾਲਤ ਤੋਂ ਬਚਣ ਲਈ ਫੈਡਰਲ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਟਰੱਕ ਐਸੋਸੀਏਸ਼ਨਾਂ ਅਤੇ ਜਥੇਬੰਦੀਆਂ ਨਾਲ ਮਿਲ-ਬੈਠ ਕੇ ਗੱਲਬਾਤ ਰਾਹੀਂ ਸਾਰੇ ਮਸਲਿਆਂ ਦਾ ਨਿਬੇੜਾ ਕਰੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article