ਵਾਸ਼ਿੰਗਟਨ, 13 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਆਪਣੀ ਕੋਵਿਡ-19 ਜਾਂਚ ਦੀ ਸਮਰਥਾ ਨੂੰ ਵਧਾ ਦਿੱਤਾ ਹੈ ਤੇ ਦੇਸ਼ ‘ਚ ਹੋਣ ਵਾਲੇ ਪ੍ਰੀਖਣਾਂ ਦੀ ਗਿਣਤੀ ਇਸ ਹਫਤੇ ਇਕ ਕਰੋੜ ਪਾਰ ਚਲੀ ਜਾਵੇਗੀ। ਜਾਨ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ ‘ਚ ਹੁਣ ਤੱਕ 13 ਲੱਖ ਲੋਕ ਕੋਵਿਡ-19 ਨਾਲ ਇਨਫੈਕਟਿਡ ਹੋ ਚੁੱਕੇ ਹਨ ਤੇ 80 ਹਜ਼ਾਰ ਤੋਂ ਵਧੇਰੇ ਮੌਤਾਂ ਹੋਈਆਂ ਹਨ। ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ 92 ਤੋਂ ਵਧੇਰੇ ਜਨ-ਸਿਹਤ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਦੇ ਲਈ ਅਧਿਕਾਰਿਤ ਕੀਤਾ ਹੈ ਤੇ ਅਮਰੀਕਾ ਵਿਚ 90 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਤਿੰਨ ਹਫਤੇ ਪਹਿਲਾਂ ਅਮਰੀਕਾ ਵਿਚ ਹਰ ਦਿਨ ਤਕਰੀਬਨ 1,50,000 ਲੋਕਾਂ ਦੀ ਜਾਂਚ ਹੋ ਰਹੀ ਸੀ, ਜੋ ਹੁਣ ਵਧ ਕੇ ਰੋਜ਼ਾਨਾ 3 ਲੱਖ ਹੋ ਗਈ ਹੈ। ਵਾਈਟ ਹਾਊਸ ‘ਚ ਸੋਮਵਾਰ ਨੂੰ ਰੋਜ਼ ਗਾਰਡਨ ਵਿਚ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਸ ਹਫਤੇ ਇਕ ਕਰੋੜ ਤੋਂ ਵਧੇਰੇ ਜਾਂਚ ਦਾ ਟੀਚਾ ਪੂਰਾ ਕਰ ਲਵੇਗਾ, ਜੋ ਕਿ ਕਿਸੇ ਹੋਰ ਦੇਸ਼ ਦੀ ਤੁਲਨਾ ‘ਚ ਤਕਰੀਬਨ ਦੁੱਗਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਦੱਖਣੀ ਕੋਰੀਆ, ਬ੍ਰਿਟੇਨ, ਫਰਾਂਸ, ਜਾਪਾਨ, ਸਵੀਡਨ, ਫਿਨਲੈਂਡ ਤੇ ਕਈ ਹੋਰ ਦੇਸ਼ਾਂ ਤੋਂ ਵਧੇਰੇ ਟੈਸਟ ਕਰ ਰਹੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਦਾ ਨਤੀਜਾ ਹੈ ਕਿ ਹਰੇਕ ਸੂਬੇ ‘ਚ ਮਈ ਵਿਚ ਪ੍ਰਤੀ ਵਿਅਕਤੀ ਵਧੇਰੇ ਜਾਂਚ ਹੋ ਸਕੇਗੀ, ਜਿੰਨਾਂ ਕਿ ਦੱਖਣੀ ਕੋਰੀਆ ਨੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਚਾਰ ਮਹੀਨਿਆਂ ‘ਚ ਕੀਤੀ ਹੈ। ਇਹ ਵੱਡੀ ਵਚਨਬੱਧਤਾ ਪੂਰਿਟਨ ਮੈਡੀਕਲ ਪ੍ਰੋਡਕਟਸ, ਯੂ.ਐੱਸ. ਕਾਰਟਨ, ਅਬਾਟ ਲੈਬ ਤੇ ਥਰਮੋ ਫਿਸ਼ਰ ਸਣੇ ਅਮਰੀਕੀ ਉਦਯੋਗਾਂ ਦੇ ਵਿਆਪਕ ਤਾਲਮੇਲ ਕਾਰਣ ਮੁਮਕਿਨ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਇਸ ਦੇਸ਼ ‘ਚ ਮ੍ਰਿਤਕਾਂ ਦੀ ਗਿਣਤੀ 80 ਹਜ਼ਾਰ ਤੋਂ ਉਪਰ ਚਲੀ ਗਈ ਹੈ। ਚੀਨ ਤੋਂ ਉਭਰੇ ਕੋਰੋਨਾਵਾਇਰਸ ਨੇ ਹੁਣ ਤੱਕ 42 ਲੱਖ ਤੋਂ ਵਧੇਰੇ ਲੋਕਾਂ ਨੂੰ ਇਨਫੈਕਟਿਡ ਕੀਤਾ ਹੈ ਤੇ ਦੁਨੀਆ ਭਰ ‘ਚ 2 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।