ਅਮਰੀਕਾ ’ਚ ਕੋਰੋਨਾਵਾਇਰਸ ਨਾਲ ਸੰਬੰਧਿਤ ਹਸਪਤਾਲ ਦਾਖਲਿਆਂ ’ਚ ਆਈ ਗਿਰਾਵਟ

112
Share

ਫਰਿਜ਼ਨੋ, 2 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਦੇ ਸਿਹਤ ਵਿਭਾਗ ਨੇ ਬਹੁਤ ਵੱਡੇ ਪੱਧਰ ’ਤੇ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕੀਤਾ ਹੈ। ਵਾਇਰਸ ਦੀ ਵਧੀ ਹੋਈ ਲਾਗ ਨੇ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਦੇ ਦਾਖਲਿਆਂ ਨੂੰ ਭਾਰੀ ਮਾਤਰਾ ਵਿਚ ਵਧਾ ਦਿੱਤਾ ਸੀ। ਮਰੀਜ਼ਾਂ ਦੀ ਵਧੀ ਹੋਈ ਗਿਣਤੀ ਨੇ ਇੱਕ ਸਮੇਂ ਹਸਪਤਾਲਾਂ ਵਿਚਲੀਆਂ ਸਿਹਤ ਸਹੂਲਤਾਂ ’ਤੇ ਵੀ ਵੱਡਾ ਪ੍ਰਭਾਵ ਪਾਇਆ ਸੀ। ਕਈ ਸੂਬਿਆਂ ਦੇ ਹਸਪਤਾਲਾਂ ਵਿਚ ਤਾਂ ਆਕਸੀਜਨ ਸਪਲਾਈ, ਬਿਸਤਰਿਆਂ ਦੀ ਘਾਟ ਅਤੇ ਹੋਰ ਸਹੂਲਤਾਂ ਦੀ ਵੀ ਘਾਟ ਪੈਦਾ ਹੋ ਗਈ ਸੀ, ਪਰ ਮੌਜੂਦਾ ਸਮੇਂ ਅੰਕੜਿਆਂ ਦੇ ਅਨੁਸਾਰ ਅਮਰੀਕੀ ਹਸਪਤਾਲਾਂ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 50,000 ਤੋਂ ਹੇਠਾਂ ਆ ਗਈ ਹੈ, ਜੋ ਕਿ ਲਗਭਗ ਚਾਰ ਮਹੀਨਿਆਂ ਵਿਚ ਸਭ ਤੋਂ ਹੇਠਲਾ ਪੱਧਰ ਹੈ।
ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਹਸਪਤਾਲਾਂ ਵਿਚ ਤਕਰੀਬਨ 48,870 ਮਰੀਜ਼ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਸਨ। ਇਸ ਸੰਬੰਧੀ ਸੰਸਥਾ ਅਨੁਸਾਰ 2 ਨਵੰਬਰ ਤੋਂ ਬਾਅਦ ਪਹਿਲੀ ਵਾਰ ਹੁਣ ਕੋਵਿਡ-19 ਕਾਰਨ ਹਸਪਤਾਲਾਂ ਵਿਚ ਦਾਖਲ ਲੋਕਾਂ ਦੀ ਗਿਣਤੀ 50 ਹਜ਼ਾਰ ਤੋਂ ਘੱਟ ਹੈ। ਇਸਦੇ ਇਲਾਵਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 6 ਜਨਵਰੀ ਨੂੰ ਹਸਪਤਾਲਾਂ ਵਿਚ ਦਾਖਲ 132,474 ਮਰੀਜ਼ਾਂ ਦੀ ਉੱਚ ਗਿਣਤੀ ਤੋਂ ਬਾਅਦ ਤੋਂ ਮਰੀਜ਼ਾਂ ਦੀ ਹਸਪਤਾਲ ’ਚ ਦਾਖਲ ਹੋਣ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਮਹਾਂਮਾਰੀ ਵਿਚ ਵਾਇਰਸ ਦੀ ਲਾਗ ਨੂੰ ਜਾਂਚਣ ਲਈ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਮਹੱਤਵਪੂਰਨ ਹੈ। ਅਮਰੀਕਾ ਵਿਚ ਵਾਇਰਸ ਸੰਬੰਧੀ ਅੰਕੜਿਆਂ ਅਨੁਸਾਰ ਵਾਇਰਸ ਦੇ ਤਕਰੀਬਨ 70,622 ਨਵੇਂ ਮਾਮਲੇ ਅਤੇ 1,822 ਵਾਇਰਸ ਨਾਲ ਸਬੰਧਿਤ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

Share