ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)-ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਸ ਸਮੇਂ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਹੁਣ ਤੱਕ 14 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4 ਲੱਖ ਤੋਂ ਵਧੇਰੇ ਇਨਫੈਕਟਿਡ ਮਾਮਲੇ ਪਾਏ ਗਏ ਹਨ। ਇਸ ਸਭ ਦੇ ਵਿਚ ਇਕ ਹੈਰਾਨ ਕਰ ਦੇਣ ਵਾਲਾ ਤੱਥ ਸਾਹਮਣੇ ਆਇਆ ਹੈ। ਤੱਥ ਮੁਤਾਬਕ ਅਮਰੀਕਾ ਵਿਚ ਜਿਹੜੇ ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਉਨ੍ਹਾਂ ‘ਚ ਗੈਰ ਗੋਰਿਆਂ ਦੀ ਗਿਣਤੀ ਆਬਾਦੀ ਦੇ ਅਨੁਪਾਤ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।
ਪ੍ਰੋਪਬਲਿਕਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਹੋਈਆਂ ਮੌਤਾਂ ਵਿਚ ਗੋਰੇ ਅਤੇ ਗੈਰ ਗੋਰਿਆਂ ਵਿਚ ਅਸਮਾਨਤਾ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮੈਡੀਕਲ ਸਹੂਲਤਾਂ ਦੀ ਉਪਲਬਧਤਾ, ਰਹਿਣ-ਸਹਿਣ ਅਤੇ ਆਰਥਿਕ ਸਮਰੱਥਾ। ਵੱਡੀ ਗਿਣਤੀ ਵਿਚ ਗੈਰ ਗੋਰੇ ਲੋਕ ਗ੍ਰੋਸਰੀ ਸਟੋਰ ਅਤੇ ਟਰਾਂਸਪੋਰਟ ਵਿਚ ਕੰਮ ਕਰਦੇ ਹਨ ਅਤੇ ਇੱਥੇ ਇਨਫੈਕਸ਼ਨ ਫੈਲਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ।
ਅਮਰੀਕੀ ਰਾਜ ਮਿਸ਼ੀਗਨ ਕੋਰੋਨਾਵਾਇਰਸ ਨਾਲ ਮੌਤ ਦਰ ਦੇ ਮਾਮਲੇ ਵਿਚ ਤੀਜੇ ਨੰਬਰ ‘ਤੇ ਹੈ। ਇੱਥੇ ਵਾਇਰਸ ਨਾਲ ਹੁਣ ਤੱਕ ਜਿੰਨੀਆਂ ਮੌਤਾਂ ਹੋਈਆਂ ਹਨ ਉਨ੍ਹਾਂ ਵਿਚੋਂ 40 ਫੀਸਦੀ ਗੈਰ ਗੋਰੇ ਹਨ ਜਦਕਿ ਇੱਥੇ ਇਹਨਾਂ ਦੀ ਆਬਾਦੀ ਸਿਰਫ 14 ਫੀਸਦੀ ਹੀ ਹੈ। ਇਸ ਨੂੰ ਲੈ ਕੇ ਮਿਸ਼ੀਗਨ ਦੀ ਗਵਰਨਰ ਗ੍ਰੇਟਚੇਨ ਵ੍ਹਾਈਟਮਰ ਨੇ ਕਿਹਾ ਕਿ ਇਹ ਅਮਰੀਕੀ ਸਮਾਜ ਵਿਚ ਲੰਬੇਂ ਸਮੇਂ ਦੀ ਅਸਮਾਨਤਾ ਨੂੰ ਦਿਖਾਉਂਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਵੀਕਾਰਯੋਗ ਨਹੀਂ ਹੈ ਅਤੇ ਇਸ ਨੂੰ ਠੀਕ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ। ਵ੍ਹਾਈਟਮਰ ਨੇ ਕਿਹਾ, ”ਅਜਿਹੇ ਸਮੇਂ ਵਿਚ ਅਸੀਂ ਉਹ ਸਭ ਕੁਝ ਕਰਾਂਗੇ ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ।”
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਗੈਰ ਗੋਰੇ ਲੋਕਾਂ ਵਿਚ ਮੇਲਨਿਨ ਦੇ ਕਾਰਨ ਇਮਿਊਨ ਮਤਲਬ ਰੋਗ ਪ੍ਰਤੀਰੋਧੀ ਸਮਰੱਥਾ ਜ਼ਿਆਦਾ ਹੁੰਦੀ ਹੈ। ਇਸ ਲਈ ਉਹ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਸਾਹਮਣਾ ਕਰ ਸਕਦੇ ਹਨ। ਮੇਲਨਿਨ ਨੂੰ ਅਮੀਨੋ ਐਸਿਡ ਕਿਹਾ ਜਾਂਦਾ ਹੈ।ਇਹ ਸਕਿਨ ਵਿਚ ਹੁੰਦਾ ਹੈ ਅਤੇ ਇਸੇ ਨਾਲ ਸਕਿਨ ਵਿਚ ਰੰਗ ਆਉਂਦਾ ਹੈ। ਇਸ ਨਾਲ ਬਾਲ ਅਤੇ ਸਕਿਨ ਦਾ ਰੰਗ ਗਾੜ੍ਹਾ ਹੁੰਦਾ ਹੈ। ਗੈਰ ਗੋਰੇ ਅਤੇ ਭੂਰੇ ਰੰਗ ਵਾਲੇ ਲੋਕਾਂ ਵਿਚ ਇਹ ਜ਼ਿਆਦਾ ਹੁੰਦਾ ਹੈ। ਮੇਲਨਿਨ ਸਕਿਨ ਨੂੰ ਯੂਵੀ ਕਿਰਨਾਂ ਤੋਂ ਵੀ ਬਚਾਉਂਦਾ ਹੈ। ਕਈ ਅਧਿਐਨਾਂ ਵਿਚ ਇਹ ਵੀ ਪਾਇਆ ਗਿਆ ਹੈ ਕਿ ਇਹ ਸਕਿਨ ਕੈਂਸਰ ਹੋਣ ਤੋਂ ਵੀ ਬਚਾਉਂਦਾ ਹੈ।
ਇਸੇ ਮੇਲਨਿਨ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਕੋਰੋਨਾਵਾਇਰਸ ਨਾਲ ਗੈਰ ਗੋਰੇ ਲੋਕ ਜ਼ਿਆਦਾ ਮਜ਼ਬੂਤੀ ਨਾਲ ਲੜਨਗੇ ਅਤੇ ਉਹ ਇਸ ਦੀ ਚਪੇਟ ਵਿਚ ਘੱਟ ਆਉਣਗੇ ਪਰ ਇਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਸੀ।ਅਮਰੀਕਾ ਵਿਚ ਗੈਰ ਗੋਰੇ ਲੋਕਾਂ ਦੀਆਂ ਮੌਤਾਂ ਨਾਲ ਵੀ ਇਹ ਸਾਬਤ ਹੋ ਗਿਆ ਹੈ ਕਿ ਕੋਰੋਨਾਵਾਇਰਸ ਸਾਰਿਆਂ ਲਈ ਇਕ ਸਮਾਨ ਹੀ ਖਤਰਨਾਕ ਹੈ। ਏ.ਐੱਫ.ਪੀ. ਨੇ ਸੇਨੇਗਲ ਵਿਚ ਬਾਇਓਮੈਡੀਕਲ ਰਿਸਰਚ ਸੈਂਟਰ ਦੇ ਇਕ ਪ੍ਰੋਫੈਸਰ ਨਾਲ ਗੱਲ ਕੀਤੀ। ਇਸ ਗੱਲਬਾਤ ਵਿਚ ਪ੍ਰੋਫੈਸਰ ਅਮਾਦੋਊ ਅਲਫਾ ਨੇ ਕਿਹਾ, ”ਨਸਲ ਅਤੇ ਜੈਨੇਟਿਕਸ ਦਾ ਵਾਇਰਸ ਤੋਂ ਰਿਕਵਰੀ ਨਾਲ ਕੋਈ ਸੰਬੰਧ ਨਹੀਂ ਹੈ। ਅਜਿਹਾ ਬਿਲਕੁੱਲ ਨਹੀਂ ਹੈ ਕਿ ਗੈਰ ਗੋਰੇ ਲੋਕਾਂ ਵਿਚ ਰੋਗ ਪ੍ਰਤੀਰੋਧੀ ਸਮਰੱਥਾ ਗੋਰਿਆਂ ਦੀ ਤੁਲਨਾ ਵਿਚ ਜ਼ਿਆਦਾ ਹੁੰਦੀ ਹੈ।”