ਅਮਰੀਕਾ ’ਚ ਇਕ ਤਿਹਾਈ ਆਬਾਦੀ ਨੂੰ ਲੱਗ ਚੁੱਕੈ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ

53
Share

ਵਾਸ਼ਿੰਗਟਨ, 7 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ’ਚ ਲਗਭਗ 1 ਤਿਹਾਈ ਅਬਾਦੀ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲੱਗ ਚੁੱਕਾ ਹੈ। ਵਾਈਟ ਹਾਊਸ ਦੇ ਕੋਵਿਡ ਡਾਟਾ ਡਾਇਰੈਕਟਰ ਸਾਈਰਸ ਸ਼ੇਹਪਰ ਦੇ ਮੁਤਾਬਕ ਦੇਸ਼ ’ਚ 10 ਕਰੋੜ ਤੋਂ ਵੱਧ ਲੋਕ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਇਸ ਹਫ਼ਤੇ ਇੱਥੇ ਹਰ ਰੋਜ਼ ਔਸਤਨ 30 ਲੱਖ ਤੋਂ ਵੱਧ ਲੋਕਾਂ ਨੂੰ ਕੋੋਰੋਨਾ ਦਾ ਟੀਕਾ ਲਾਇਆ ਜਾ ਰਿਹਾ ਹੈ।
ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਕੋਰੋਨਾ ਮਾਮਲੇ ਵਧਣ ਕਾਰਨ ਇਟਲੀ ’ਚ ਤਿੰਨ ਦਿਨ ਦਾ ਲੌਕਡਾਊਨ ਲਾਇਆ ਗਿਆ। ਇਟਲੀ ਦੇ ਸਾਰੇ ਖੇਤਰ ਰੈਡ ਜ਼ੋਨ ਵਿਚ ਹਨ ਕਿਉਂਕਿ ਉੱਥੇ ਰੋਜ਼ਾਨਾ ਔਸਤਨ 20 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲ ਰਹੇ ਹਨ।
ਪਾਕਿਸਤਾਨ ’ਚ ਵੀ ਕੋਵਿਡ-19 ਦੀ ਤੀਜੀ ਲਹਿਰ ਤੇਜ਼ ਹੋ ਗਈ ਹੈ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਅਪ੍ਰੇਸ਼ਨ ਸੈਂਟਰ ਮੁਤਾਬਕ ਐਤਵਾਰ ਨੂੰ ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਛੀ 60 ਹਜ਼ਾਰ 72 ਹੋ ਗਈ, ਜਦਕਿ ਮੌਤਾਂ ਦਾ ਅੰਕੜਾ 14 ਹਜ਼ਾਰ 778 ਗਿਆ ਹੈ। ਫਰਾਂਸ ਵਿਚ ਤੀਜੀ ਵਾਰ ਕੌਮੀ ਪੱਧਰ ਦੇ ਲੌਕਡਾਊਨ ਦਾ ਐਲਾਨ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਅਤੇ ਹਸਪਤਾਲਾਂ ਵਿਚ ਬੈਡ ਦੇ ਸੰਕਟ ਨੂੰ ਦੇਖ ਕੇ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਉੱਧਰ ਬਰਤਾਨੀਆ ’ਚ ਔਕਸਫੋਰਡ ਦੀ ਐਸਟਰਾਜ਼ੇਨੇਕਾ ਵੈਕਸੀਨ ਲਗਵਾਉਣ ਬਾਅਦ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 1 ਕਰੋੜ 80 ਲੱਖ ਲੋਕਾਂ ਨੂੰ ਕੰਪਨੀ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। ਇਨ੍ਹਾਂ ਵਿਚੋਂ 30 ਲੋਕਾਂ ਨੂੰ ਕਲਾਟਿੰਗ ਦੀ ਸਮੱਸਿਆ ਹੋਈ ਹੈ।

Share