ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਦੁਆਰਿਆਂ ਦੀ ਜ਼ਮੀਨਾਂ ਬਚਾਉਣ ਦੀ ਅਪੀਲ

ਫਰੀਮਾਂਟ, 11 ਜੁਲਾਈ (ਪੰਜਾਬ ਮੇਲ)-ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਥੇ ਮੌਜੂਦ ਸਿੱਖ ਗੁਰਧਾਮਾਂ ਨਾਲ ਸੰਬੰਧਤ ਜ਼ਮੀਨਾਂ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਖਾਲੀ ਕਰਵਾਉਣ ਦੀ ਲੋੜ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਭਾਰਤ ਵਿਚ ਵੀ ਗੁਰਦੁਆਰੇ ਨਾਲ ਸੰਬੰਧਤ ਜ਼ਮੀਨਾਂ ਸੁਰੱਖਿਅਤ ਨਹੀਂ ਹਨ। ਹੁਣੇ-ਹੁਣੇ ਹੀ ਸਿੱਕਮ ਵਿਖੇ ਸਿੱਖਾਂ ਨੂੰ ਘਰਾਂ ‘ਚੋਂ ਬਾਹਰ ਕੱਢਣ ਦੀਆਂ ਸੂਚਨਾਵਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਥੇ ਸਥਾਨਕ ਲੋਕਾਂ ਨੇ ਗੁਰਦੁਆਰਾ ਡੋਂਗਮਰ ਸਾਹਿਬ ‘ਤੇ ਕਬਜ਼ਾ ਕਰ ਲਿਆ ਹੈ ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਦੁਆਰਾ ਗਿਆਨ ਗੋਦੜੀ, ਜੋ ਕਿ ਹਰਿਦੁਆਰ, ਉਤਰਾਖੰਡ ਵਿਚ ਸਥਿਤ ਹੈ, ਉੱਤੇ ਵੀ ਜ਼ਬਰਦਸਤੀ ਕਬਜ਼ਾ ਕਰ ਲਿਆ ਗਿਆ ਹੈ। ਅਮਰੀਕੀ ਸਿੱਖ ਆਗੂਆਂ ਨੇ ਕਿਹਾ ਹੈ ਕਿ ਗੁਰਦੁਆਰਾ ਨਾਨਕਸ਼ਾਹੀ ਢਾਕਾ, ਬੰਗਲਾਦੇਸ਼ ਵਿਖੇ ਮੁੱਖ ਗੁਰਦੁਆਰਾ ਹੈ। ਇਹ ਗੁਰਦੁਆਰਾ ਢਾਕਾ ਯੂਨੀਵਰਸਿਟੀ ਦੇ ਕੈਂਪਸ ਵਿਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਨਾਲ 65 ਏਕੜ ਜ਼ਮੀਨ ਸਬੰਧਤ ਹੈ। ਇਹ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਪਰ ਹੀ ਉਸਾਰੀ ਗਈ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਅਫਗਾਨਿਸਤਾਨ ‘ਚ ਕਰਤਰਾ ਪ੍ਰਵਾਨ ਦਾ ਗੁਰਦੁਆਰਾ ਸਥਿਤ ਹੈ ਅਤੇ ਇਸੇ ਤਰ੍ਹਾਂ ਇਥੇ ਹੋਰ ਵੀ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਉਪਰ ਕਿ ਕਬਜ਼ੇ ਕਰ ਲਏ ਗਏ ਹਨ।
ਨੇਪਾਲ ਵਿਖੇ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਸਰਕਾਰੀ ਕਬਜ਼ੇ ਅਧੀਨ ਹੈ। ਇਸ ਨੂੰ ਵੀ ਸਿੱਖ ਕੌਮ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਇਰਾਕ ਵਿਖੇ ਜਿੱਥੇ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਨੇ ਬਗਦਾਦ ਵਿਖੇ ਯਾਤਰਾ ਕੀਤੀ ਸੀ, ਉਥੇ ਦੀ ਜ਼ਮੀਨ ਵੀ ਸਿੱਖਾਂ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਪਾਕਿਸਤਾਨ ‘ਚ ਦਰਜ ਇਕ ਰਿਕਾਰਡ ਮੁਤਾਬਕ ਉਥੇ 64000 ਏਕੜ ਸਿੱਖਾਂ ਨਾਲ ਸਬੰਧਤ ਹੈ ਅਤੇ 16 ਹਜ਼ਾਰ ਏਕੜ ਗੁਰਦੁਆਰਾ ਨਨਕਾਣਾ ਸਾਹਿਬ ਨਾਲ ਸਬੰਧਤ ਹੈ। ਇਹ ਜ਼ਮੀਨਾਂ ਜਾਂ ਤਾਂ ਧੱਕੇ ਨਾਲ ਕਬਜ਼ਾ ਕਰ ਲਈਆਂ ਗਈਆਂ, ਜਾਂ ਸਸਤੇ ਰੇਟ ‘ਤੇ ਵੇਚ ਦਿੱਤੀਆਂ ਗਈਆਂ। ਨਨਕਾਣਾ ਸਾਹਿਬ ਦੀ ਗੁਰੂ ਨਾਨਕ ਯੂਨੀਵਰਸਿਟੀ ਨਾਲ ਸਬੰਧਤ 100 ਏਕੜ ਜ਼ਮੀਨ ਸਥਾਨਕ ਵਿਭਾਗ ਵੱਲੋਂ ਵਾਪਸ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ ਇਥੇ ਲਾਹੌਰ ਦੇ ਚੂਨਾ ਮੰਡੀ ਵਿਖੇ ਸਥਿਤ ਦੀਵਾਨ ਖਾਨਾ, ਲਾਹੌਰ ‘ਚ ਗੁਰਦੁਆਰਾ ਡੇਰਾ ਚਾਹਲ ਦੀ 35 ਏਕੜ ਜ਼ਮੀਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਸਥਾਨਕ ਸਿੱਖ ਆਗੂਆਂ ਦੇ ਦਖਲ ਦੇਣ ਨਾਲ ਰੋਕ ਦਿੱਤੀ ਗਈ। ਇਨ੍ਹਾਂ ਆਗੂਆਂ ਨੇ ਇਨ੍ਹਾਂ ਸਾਰੀਆਂ ਜ਼ਮੀਨਾਂ ‘ਤੇ ਹੋ ਰਹੇ ਕਬਜ਼ੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਵਾਪਸ ਸਿੱਖ ਕੌਮ ਨੂੰ ਸੌਂਪ ਦੇਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਪਾਕਿਸਤਾਨ ‘ਚ ਗੁਲਾਬ ਸਿੰਘ ਦੇ ਪਰਿਵਾਰ ਤੇ ਉਸ ਦੇ ਬੱਚਿਆਂ ਦੇ ਕੇਸ ਦੀ ਪਾਕਿਸਤਾਨ ਸਰਕਾਰ ਨੂੰ ਨਜਿੱਠਣ ਦੀ ਅਪੀਲ ਕੀਤੀ ਹੈ।