ਅਫਗਾਨਿਸਤਾਨ ਵਿੱਚ ਅਮਰੀਕਾ ਦੇ ਮਹਾਂਬੰਬ ਨਾਲ 36 ਅਤਿਵਾਦੀ ਮਾਰੇ ਗਏ

ਜਲਾਲਾਬਾਦ, 14 ਅਪ੍ਰੈਲ (ਪੰਜਾਬ ਮੇਲ)- ਅਫਗਾਨ ਅਧਿਕਾਰੀਆਂ ਮੁਤਾਬਕ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਵਿੱਚ ਸੁੱਟੇ ਸਭ ਤੋਂ ਵੱਡੇ ਗੈਰ ਪਰਮਾਣੂ ਬੰਬ ਨਾਲ ਘੱਟੋ ਘੱਟ 36 ਅਤਿਵਾਦੀ ਮਾਰੇ ਗਏ। ਉਨ੍ਹਾਂ ਕਿਸੇ ਵੀ ਨਾਗਰਿਕ ਦੇ ਮਾਰੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਧਮਾਕੇ ਦਾ ਨਿਸ਼ਾਨਾ ਇਸਲਾਮਿਕ ਸਟੇਟ ਜਥੇਬੰਦੀ ਦਾ ਡੂੰਘਾ ਸੁਰੰਗ ਕੰਪਲੈਕਸ ਸੀ, ਜੋ ਤਬਾਹ ਹੋ ਗਿਆ।
‘ਸਾਰੇ ਬੰਬਾਂ ਦੀ ਮਾਂ’ ਵਜੋਂ ਮਸ਼ਹੂਰ ਜੀਬੀਯੂ-43/ਬੀ ਨਾਂ ਦਾ ਇਹ ਬੰਬ ਕੱਲ੍ਹ ਪੂਰਬੀ ਨੰਗਰਹਾਰ ਸੂਬੇ ਦੇ ਜ਼ਿਲ੍ਹੇ ਆਚਿਨ ਵਿੱਚ ਆਈਐਸ ਦੇ ਟਿਕਾਣੇ ਉਤੇ ਸੁੱਟਿਆ ਗਿਆ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਧਮਾਕੇ ਕਾਰਨ ਦਾਏਸ਼ (ਆਈਐਸ) ਦੇ ਟਿਕਾਣੇ ਅਤੇ ਡੂੰਘਾ ਸੁਰੰਗ ਕੰਪਲੈਕਸ ਤਬਾਹ ਹੋ ਗਿਆ, ਜਿਸ ਵਿੱਚ ਆਈਐਸ ਦੇ 36 ਲੜਾਕੇ ਮਾਰੇ ਗਏ।
ਅਫਗਾਨ ਰਾਸ਼ਟਰਪਤੀ ਮਹਿਲ ਨੇ ਦੱਸਿਆ ਕਿ ਨਾਗਰਿਕਾਂ ਦੀਆਂ ਹੱਤਿਆਵਾਂ ਰੋਕਣ ਲਈ ਇਹਤਿਆਤੀ ਕਦਮ ਚੁੱਕੇ ਗਏ ਸਨ। ਇਹ ਵੱਡ ਆਕਾਰੀ ਬੰਬ ਐਮਸੀ-130 ਟਰਾਂਸਪੋਰਟ ਜਹਾਜ਼ ਰਾਹੀਂ ਸੁੱਟਿਆ ਗਿਆ ਅਤੇ ਇਸ ਨਾਲ ਤਕਰੀਬਨ 11 ਟਨ ਟੀਐਨਟੀ ਦੇ ਬਰਾਬਰ ਬਲ ਪੈਦਾ ਹੋਇਆ। ਹਵਾਈ ਫੌਜ ਦੇ ਤਰਜਮਾਨ ਕਰਨਲ ਪੈਟ ਰਾਈਡਰ ਨੇ ਕਿਹਾ ਕਿ ਜੀਬੀਯੂ-43/ਬੀ ਲੜਾਈ ਵਿੱਚ ਤਾਇਨਾਤ ਕੀਤਾ ਸਭ ਤੋਂ ਵੱਡਾ ਗੈਰ ਪਰਮਾਣੂ ਬੰਬ ਹੈ। ਆਚਿਨ ਜ਼ਿਲ੍ਹੇ ਦੇ ਰਾਜਪਾਲ ਇਸਮਾਈਲ ਸ਼ਿਨਵਾਰੀ ਨੇ ਕਿਹਾ ਕਿ ਇਹ ਬੰਬ ਮੋਹਮੰਦ ਦਾਰਾ ਇਲਾਕੇ ਵਿੱਚ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਉਹ ਮੌਤਾਂ ਦੀ ਗਿਣਤੀ ਨਹੀਂ ਦੱਸ ਸਕਦੇ ਪਰ ਇਹ ਇਲਾਕਾ ਦਾਏਸ਼ (ਆਈਐਸ) ਦਾ ਗੜ੍ਹ ਹੈ ਅਤੇ ਸਾਡਾ ਮੰਨਣਾ ਹੈ ਕਿ ਕਾਫ਼ੀ ਦਾਏਸ਼ ਲੜਾਕੇ ਮਾਰੇ ਗਏ।
ਅਮਰੀਕੀ ਫ਼ੌਜ ਦਾ ਮਿਸ਼ਨ ਸਫ਼ਲ: ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਜ਼ਮੀਨਦੋਜ ਟਿਕਾਣੇ ਉਤੇ ਕੀਤੇ ‘ਸਫ਼ਲ ਹਮਲੇ’ ਲਈ ਅਮਰੀਕੀ ਫੌਜ ਦੀ ਸ਼ਲਾਘਾ ਕੀਤੀ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ‘‘ਇਹ ਇਕ ਹੋਰ ਸਫ਼ਲ ਮਿਸ਼ਨ ਸੀ। ਸਾਨੂੰ ਆਪਣੀ ਫੌਜ ਉਤੇ ਬੇਹੱਦ ਮਾਣ ਹੈ।’’ ਉਨ੍ਹਾਂ ਕਿਹਾ ਕਿ ‘‘ਸਾਡੇ ਕੋਲ ਵਿਸ਼ਵ ਦੀ ਸਭ ਤੋਂ ਵਧੀਆ ਫੌਜ ਹੈ, ਜਿਸ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨੇਪਰੇ ਚਾੜ੍ਹੀ ਹੈ। ਇਸ ਲਈ ਅਸੀਂ ਪੂਰਾ ਅਧਿਕਾਰ ਦਿੱਤਾ ਕਿ ਫੌਜ ਜੋ ਕਰਨਾ ਚਾਹੁੰਦੀ ਹੈ, ਉਹ ਕਰੇ। ਮੈਂ ਸਾਫ਼ਗੋਈ ਨਾਲ ਦੱਸਣਾ ਚਾਹੁੰਦਾ ਹਾਂ ਕਿ ਇਸੇ ਕਾਰਨ ਫੌਜ ਨੂੰ ਹੁਣੇ ਹੁਣੇ ਬੇਹੱਦ ਸਫ਼ਲਤਾ ਮਿਲੀ ਹੈ।’’
There are no comments at the moment, do you want to add one?
Write a comment