ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੂੰ ਦਿੱਤੇ ਅਮਰੀਕੀ ਹੱਥਿਆਰ ਤਾਲਿਬਾਨ ਵੱਲੋਂ ਜ਼ਬਤ : ਜੇਕ ਸੁਲੀਵਨ

274
Share

* ਤਾਲਿਬਾਨ ਨੇ ਕਬਜ਼ੇ ’ਚ ਲਏ ਬਲੈਕ ਹਾਕ ਮਿਲਟਰੀ ਹੈਲੀਕਾਪਟਰ ਦੀਆਂ ਤਸਵੀਰਾਂ ਕੀਤੀਆਂ ਜਾਰੀ
ਸੈਕਰਾਮੈਂਟੋ, 18 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਫੌਜੀੇ ਹੱਥਿਆਰ ਜੋ ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੂੰ ਦਿੱਤੇ ਸਨ, ਤਾਲਿਬਾਨ ਦੇ ਹੱਥਾਂ ਵਿਚ ਚਲੇ ਗਏ ਹਨ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਕ ਸੁਲੀਵਨ ਨੇ ਕਿਹਾ ਕਿ ਹਾਲਾਂਕਿ ਮੁਕੰਮਲ ਤਸਵੀਰ ਸਾਫ ਨਹੀਂ ਹੈ ਪਰੰਤੂ ਯਕੀਨਨ ਹਥਿਆਰਾਂ ਦਾ ਵੱਡਾ ਹਿੱਸਾ ਤਾਲਿਬਾਨ ਨੇ ਜ਼ਬਤ ਕਰ ਲਿਆ ਹੈ ਤੇ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਤਾਲਿਬਾਨ ਇਹ ਹਥਿਆਰ ਕਾਬੁਲ ਹਵਾਈ ਅੱਡੇ ਉਪਰ ਤਾਇਨਾਤ ਅਮਰੀਕੀ ਫੌਜ ਦੇ ਸਪੁਰਦ ਕਰ ਦੇਵੇਗਾ। ਅਫਗਾਨਿਸਤਾਨ ਉਪਰ ਕਾਬਜ਼ ਹੋਣ ਉਪਰੰਤ ਤਾਲਿਬਾਨ ਨੇ ਕਬਜ਼ੇ ਵਿਚ ਲਏ ਕੰਧਾਰ ਕੌਮਾਂਤਰੀ ਹਵਾਈ ਅੱਡੇ ਉਪਰ ਖੜੇ ਬਲੈਕ ਹਾਕ ਮਿਲਟਰੀ ਹੈਲੀਕਾਪਟਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਹੈਲੀਕਾਪਟਰ ਅਮਰੀਕਾ ਨੇ ਅਫਗਾਨਿਸਤਾਨੀ ਫੌਜ ਨੂੰ ਦਿੱਤੇ ਸਨ। ਸੁਲੀਵਨ ਨੇ ਕਿਹਾ ਕਿ ਇਹ ਹੈਲੀਕਾਪਟਰ ਤਾਲਿਬਾਨ ਨੂੰ ਨਹੀਂ, ਬਲਕਿ ਅਫਗਾਨਿਸਤਾਨੀ ਸੁਰੱਖਿਆ ਫੋਰਸਾਂ ਨੂੰ ਆਪਣੀ ਰੱਖਿਆ ਕਰਨ ਲਈ ਦਿੱਤੇ ਗਏ ਸਨ।
ਸੁਲੀਵਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਵਾਇਟ ਹਾਊਸ ’ਚ ਇਸ ਸਾਲ ਜੂਨ ਵਿਚ ਹੋਈ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਹੈਲੀਕਾਪਟਰ ਦੇਣ ਦੀ ਬੇਨਤੀ ਕੀਤੀ ਸੀ। ਹਾਲਾਂਕਿ ਉਦੋਂ ਵੀ ਇਹ ਖਤਰਾ ਸੀ ਕਿ ਇਹ ਹੈਲੀਕਾਪਟਰ ਤਾਲਿਬਾਨ ਦੇ ਹੱਥਾਂ ਵਿਚ ਜਾ ਸਕਦੇ ਹਨ ਪਰੰਤੂ ਫਿਰ ਵੀ ਅਫਗਾਨਿਸਤਾਨ ਦੀ ਰਾਖੀ ਲਈ ਇਹ ਹੈਲੀਕਾਪਟਰ ਅਫਗਾਨ ਫੋਰਸਾਂ ਨੂੰ ਦਿੱਤੇ ਗਏ। ਉਨ੍ਹਾਂ ਨੇ ਤਾਲਿਬਾਨ ਦੇ ਹੱਥਾਂ ’ਚ ਗਏ ਹੋਰ ਵਿਸ਼ੇਸ਼ ਹਥਿਆਰਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਸੁਲੀਵਨ ਨੇ ਹੋਰ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੀ ਇਸ ਵੇਲੇ ਮੁੱਖ ਤਰਜੀਹ ਅਮਰੀਕਨਾਂ ਤੇ ਹੋਰ ਲੋਕਾਂ ਜੋ ਅਫਗਾਨਿਸਤਾਨ ਵਿਚੋਂ ਨਿਕਲਣਾ ਚਹੁੰਦੇ ਹਨ, ਨੂੰ ਸੁਰੱਖਿਅਤ ਲਿਆਉਣ ਦੀ ਹੈ। ਉਨਾਂ ਕਿਹਾ ਕਿ ਅਮਰੀਕੀ ਅਧਿਕਾਰੀ ਤਾਲਿਬਾਨ ਦੇ ਸੰਪਰਕ ’ਚ ਹਨ, ਤਾਂ ਜੋ ਕਾਬੁਲ ਹਵਾਈ ਅੱਡੇ ਜੋ ਅਮਰੀਕੀ ਫੌਜ ਦੇ ਕਬਜ਼ੇ ਹੇਠ ਹੈ, ਤੱਕ ਪਹੁੰਚਣ ਲਈ ਲੋਕਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾ ਸਕੇ। ਇਸ ਮੌਕੇ ਵਾਇਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਤਾਲਿਬਾਨ ਵੱਲੋਂ ਕੀਤੇ ਐਲਾਨ ਕਿ ਲੋਕ ਬਿਨਾਂ ਕਿਸੇ ਰੁਕਾਵਟ ਦੇ ਹਵਾਈ ਅੱਡੇ ’ਤੇ ਆ ਸਕਦੇ ਹਨ, ਵੱਲ ਤਵਜੋਂ ਦਿੱਤੇ ਬਿਨਾਂ ਸਥਿਤੀ ਉਪਰ ਨਜ਼ਰ ਰੱਖ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ 9/11 ਹਮਲੇ ਉਪਰੰਤ ਵਾਸ਼ਿੰਗਟਨ ਵੱਲੋਂ ਅਲਕਾਇਦਾ ਦੇ ਸਫਾਏ ਲਈ ਸ਼ੁਰੂ ਕੀਤੀ ਗਈ ਜੰਗ ਤੋਂ ਬਾਅਦ ਅਮਰੀਕਾ 80 ਅਰਬ ਡਾਲਰ ਅਫਗਾਨ ਸੁਰੱਖਿਆ ਫੋਰਸਾਂ ਨੂੰ ਸਿਖਲਾਈ ਤੇ ਹੱਥਿਆਰ ਦੇਣ ਉਪਰ ਖਰਚ ਕਰ ਚੁੱਕਾ ਹੈ ਪਰੰਤੂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਅਫਗਾਨੀ ਫੌਜ ਤਾਲਿਬਾਨ ਅੱਗੇ ਕੁਝ ਦਿਨਾਂ ਵਿਚ ਹੀ ਗੋਡੇ ਟੇਕ ਗਈ। ਅਮਰੀਕੀ ਰਾਸ਼ਟਰਪਤੀ ਖੁਦ ਕਹਿ ਚੁੱਕੇ ਹਨ ਕਿ ਅਸ਼ਰਫ ਗਨੀ ਬਿਨਾਂ ਲੜਿਆਂ ਹੀ ਮੈਦਾਨ ਖਾਲੀ ਛੱਡ ਗਏ ਹਨ।

Share