ਅਧਿਐਨ ‘ਚ ਦਾਅਵਾ: ਬਿਨਾਂ ਲੱਛਣ ਵਾਲੇ ਬੱਚੇ ਵੀ ਹਫਤਿਆਂ ਤੱਕ ਫੈਲਾ ਸਕਦੇ ਹਨ ਕਰੋਨਾ

417
Share

ਵਾਸ਼ਿੰਗਟਨ, 29 ਅਗਸਤ (ਪੰਜਾਬ ਮੇਲ)- ਕਰੋਨਾ ਮਹਾਂਮਾਰੀ ਦੇ ਪ੍ਰਸਾਰ ਵਿੱਚ ਬੱਚਿਆਂ ਦੀ ਆਬਾਦੀ ਦੇ ਮਹੱਤਵ ਬਾਰੇ ਕੀਤੇ ਗਏ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾ ਪੀੜਤ ਬੱਚੇ, ਵਾਇਰਸ ਦੇ ਲੱਛਣ ਨਜ਼ਰ ਨਾ ਆਉਣ ਜਾਂ ਉਸ ਤੋਂ ਠੀਕ ਹੋ ਜਾਣ ਦੇ ਕਈ ਹਫ਼ਤਿਆਂ ਬਾਅਦ ਤਕ ਲਾਗ ਫੈਲਾ ਸਕਦੇ ਹਨ। ਜੇਏਐਮ ਪੀਡੀਆਟ੍ਰਿਕ ਨਾਂ ਦੇ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਦੱਖਣੀ ਕੋਰੀਆ ਵਿੱਚ 22 ਹਸਪਤਾਲਾਂ ਵਿੱਚ ਨਵੇਂ ਕਰੋਨਾ ਵਾਇਰਸ ਸਾਰਸ-ਸੀਓਵੀ-2 ਨਾਲ ਪੀੜਤ 91 ਬੱਚਿਆਂ ਦੀ ਜਾਂਚ ਕੀਤੀ ਗਈ ਤੇ ਇਸ ਦੌਰਾਨ ਪਤਾ ਚਲਿਆ ਕਿ ਉਹ ਉਮੀਦ ਤੋਂ ਵਧ ਸਮੇਂ ਤਕ ਵਾਇਰਸ ਦਾ ਆਰਐਨਏ(ਲਾਗ)ਫੈਲਾ ਸਕਦੇ ਹਨ। ਵਿਗਿਆਨੀਆਂ ਵਿੱਚ ਦੱਖਣੀ ਕੋਰੀਆ ਦੇ ਸੀਓਲ ਨੈਸ਼ਨਲ ਯੂਨੀਵਰਸਿਟੀ ਕਾਲਜ ਆਫ ਮੈਡੀਸਨ ਦੇ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਅਧਿਐਨ ਵਿੱਚ ਕਿਹਾ ਕਿ ਲੱਛਣਾਂ ਨੂੰ ਦੇਖ ਕੇ ਬੱਚਿਆਂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਕੋਵਿਡ-19 ਦੀ ਪਛਾਣ ਨਾਕਾਮ ਰਹਿੰਦੀ ਹੈ ਅਤੇ ਬੱਚਿਆਂ ਵਿੱਚ ਸਾਰਸ -ਸੀਓਵੀ-2 ਆਰਐਨਏ ਵਧੇਰੇ ਲੰਮੇ ਸਮੇਂ ਤਕ ਰਹਿੰਦਾ ਹੈ। ਪ੍ਰਕਾਸ਼ਿਤ ਰਿਪੋਰਟ ਵਿੱਚ ਵਿਗਿਆਨੀਆਂ ਨੇ ਕਿਹਾ ਕਿ ਕੋਵਿਡ-19 ਦੇ ਪ੍ਰਸਾਰ ਵਿੱਚ ਬੱਚੇ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਅਧਿਐਨ ਕਰਨ ਵਾਲੀ ਟੀਮ ਵਿੱਚ ਅਮਰੀਕਾ ਦੀ ਦਿ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਤੇ ਹੈਲਥ ਸਾਇੰਸਿਜ਼ ਦੇ ਰਾਬਰਟਾ ਐਲ ਡੀਬਿਯਾਸੀ ਵੀ ਸ਼ਾਮਲ ਹਨ। ਅਧਿਐਨ ਅਨੁਸਾਰ ਕਰੀਬ 22 ਫੀਸਦੀ ਬੱਚਿਆਂ ਵਿੱਚ ਕਦੇ ਲੱਛਣ ਦਿਖਾਈ ਨਹੀਂ ਦਿੱਤੇ, 20 ਫੀਸਦੀ ਬੱਚਿਆਂ ਵਿੱਚ ਸ਼ੁਰੂ ਵਿੱਚ ਲੱਛਣ ਦਿਖਾਈ ਨਹੀਂ ਦਿੱਤੇ ਪਰ ਇਸ ਤੋਂ ਬਾਅਦ ਲੱਛਣ ਨਜ਼ਰ ਆਏ 58 ਫੀਸਦੀ ਵਿੱਚ ਸ਼ੁਰੂਆਤੀ ਜਾਂਚ ਵਿੱਚ ਹੀ ਲੱਛਣ ਨਜ਼ਰ ਆਏ।


Share