ਅਦਾਲਤ ਨੇ ਐੱਸ.ਐੱਚ.ਓ. ਬਾਜਵਾ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਜਲੰਧਰ, 11 ਮਈ (ਪੰਜਾਬ ਮੇਲ)- ਥਾਣਾ ਮਹਿਤਪੁਰ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਬਾਜਵਾ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਬਾਜਵਾ ਨੂੰ ਜੱਜ ਦੇ ਹੁਕਮਾਂ ‘ਤੇ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਬਾਜਵਾ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਬਾਜਵਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਉਧਰ ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਪਰਮਿੰਦਰ ਸਿੰਘ ਬਾਜਵਾ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਹਰਦੀਪ ਸਿੰਘ ਨੂੰ ਮਹਿਤਪੁਰ ਥਾਣੇ ਦਾ ਮੁਖੀ ਤਾਇਨਾਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪੁਲਿਸ ਵਲੋਂ ਬਾਜਵਾ ਨੂੰ ਸ਼ੁੱਕਰਵਾਰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਜਲੰਧਰ ਸੈਸ਼ਨ ਕੋਰਟ ਵਿਚ ਖੁਦ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਅਰਜ਼ੀ ਦਾਇਰ ਕਰਨ ਆਏ ਹੋਏ ਸਨ। ਬਾਜਵਾ ‘ਤੇ ਅਦਾਲਤ ਕੰਪਲੈਕਸ ਵਿਚ ਆਪਣਾ ਲਾਇਸੈਂਸੀ ਹਥਿਆਰ ਲੈ ਕੇ ਜਾਣ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕਰਨ ਦਾ ਵੀ ਦੋਸ਼ ਹੈ। ਪੁਲਿਸ ਨੇ ਬਾਜਵਾ ਖਿਲਾਫ ਆਈ. ਪੀ. ਸੀ. ਦੀ ਧਾਰਾ 353 ਅਤੇ 186 ਦੇ ਤਹਿਤ ਮਾਮਲਾ ਦਰਜ ਕੀਤਾ ਹੈ।