ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਗੁਰਮਤਿ ਦੀ ਰੌਸ਼ਨੀ ‘ਚ ਮੁਕਾਬਲਾ ਕਰਨ ਲਈ ਕਿਹਾ

43
Share

-ਕਿਸਾਨ ਅੰਦੋਲਨ ਲਈ ਸਿੱਖਾਂ ਨੂੰ ਦਿੱਤਾ ਹੁਕਮ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਮੇਲ)- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਕੌਮ ਨਾਂ ਦਿੱਤੇ ਆਪਣੇ ਸੰਦੇਸ਼ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਇਤਿਹਾਸ ਅਨੁਸਾਰ ਗੁਰਮਤਿ ਦੀ ਸ਼ਾਨਾਮੱਤੀ ਪ੍ਰੰਪਰਾ ਬਾਰੇ ਭਾਵਪੂਰਤ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਹਰ ਪੱਧਰ ‘ਤੇ ਆਵਾਜ਼ ਉਠਾਈ ਅਤੇ ਲੋੜ ਪੈਣ ‘ਤੇ ਆਪਣੀ ਸ਼ਹਾਦਤਾਂ ਵੀ ਦਿੱਤੀਆਂ। ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦੀ ਪ੍ਰੰਪਰਾ ਅਨੁਸਾਰ ਭਗਤੀ ਦੇ ਨਾਲ-ਨਾਲ ਸ਼ਕਤੀ ਨੂੰ ਵੀ ਵਿਸ਼ੇਸ਼ ਅਹਿਮੀਅਤ ਦਿੱਤੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੌਜੂਦਾ ਸਮੇਂ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਗੁਰਮਤਿ ਦੀ ਰੌਸ਼ਨੀ ਵਿਚ ਮੁਕਾਬਲਾ ਕਰਨ ਲਈ ਕਿਹਾ। ਉਨ੍ਹਾਂ ਆਖਿਆ ਕਿ ਹਰ ਸਿੱਖ ਅਤੇ ਖਾਸਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਜ਼ਿੰਮੇਵਾਰੀ ਦੇ ਅਹਿਸਾਸ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਦੋਂ ਇਸ ਅਹਿਸਾਸ ਹੋਰ ਵੀ ਵੱਧ ਜਾਂਦਾ ਹੈ, ਜਦੋਂ ਦੇਸ਼ ਅੰਦਰ ਮੁੜ ਤੋਂ ਧਰਮ, ਭਾਸ਼ਾ, ਰਾਜਨੀਤੀ, ਆਰਥਿਕਤਾ, ਸਿੱਖਿਆ ਅਤੇ ਸੱਭਿਆਚਾਰ ਵਾਲੀ ਕੁਦਰਤੀ ਵੰਨਸੁਵੰਨਤਾ ਨੂੰ ਖ਼ਤਮ ਕਰਕੇ ਇਕਸਾਰਤਾ ਲਿਆਉਣ ਦੇ ਨਾਂ ਹੇਠ ਜਬਰ-ਜ਼ੁਲਮ ਤੇ ਵਿਤਕਰੇਬਾਜ਼ੀ ਦੀ ਲਹਿਰ ਤੇਜ਼ ਹੋਣ ਲੱਗੇ, ਜਦੋਂ ਘੱਟਗਿਣਤੀਆਂ, ਅਨੁਸੂਚਿਤ ਵਰਗਾਂ, ਆਦਿਵਾਸੀਆਂ ਸਮੇਤ ਹਰ ਆਮ ਨਾਗਰਿਕ ਦੇ ਬੋਲਣ, ਪੜ੍ਹਣ ਅਤੇ ਲਿਖਣ ਦੇ ਅਧਿਕਾਰਾਂ ਖੋਹੇ ਜਾ ਰਹੇ ਹੋਣ, ਜਦੋਂ ਅਸਹਿਮਤੀ ਦੀ ਆਵਾਜ਼ ਨੂੰ ਰਾਜਸੀ ਤਾਕਤ ਦੇ ਜ਼ੋਰ ਨਾਲ ਬੰਦ ਕਰਾਇਆ ਜਾ ਰਿਹਾ ਹੋਵੇ, ਜਦੋਂ ਨਵੇਂ-ਨਵੇਂ ਕਾਲੇ ਕਾਨੂੰਨ ਲਿਆ ਕੇ ਬੁੱਧੀਜੀਵੀਆਂ ਸਮੇਤ ਆਮ ਨਾਗਰਿਕਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਦੀ ਪ੍ਰਕਿਰਿਆ ਵਿਚ ਵਾਧਾ ਹੋਣ ਦਾ ਚਿੰਤਾਜਨਕ ਵਰਤਾਰਾ ਵਾਪਰ ਰਿਹਾ ਹੋਵੇ, ਜਦੋਂ 35-35 ਸਾਲਾਂ ਤੋਂ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿਚ ਬੰਦੀ ਬਣਾ ਕੇ ਰੱਖਿਆ ਹੋਵੇ।
ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਬਜ਼ੁਰਗ, ਬੱਚੇ, ਬੀਬੀਆਂ ਭੈਣਾਂ ਅਤੇ ਨੌਜਵਾਨ ਆਪਣੇ ਵਿਰਾਸਤੀ ਹੱਕਾਂ ਦੀ ਲੜਾਈ ਲਈ ਮੈਦਾਨ ‘ਚ ਸੰਘਰਸ਼ ਕਰ ਰਹੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨਾਂ ਅਤੇ ਉਪਜ ‘ਤੇ ਸਰਮਾਏਦਾਰੀ ਧਿਰ ਨੂੰ ਮਜ਼ਬੂਤ ਕਰਨ ਲਈ ਵਰਤਮਾਨ ਹੁਕਮਰਾਨ ਯਤਨਸ਼ੀਲ ਹਨ। ਉਨ੍ਹਾਂ ਖ਼ਾਲਸਾ ਪੰਥ ਨੂੰ ਕਿਸਾਨ ਅੰਦੋਲਨ ਦੇ ਹੱਕ ‘ਚ ਢਾਲ ਬਣ ਕੇ ਅੱਗੇ ਆਉਣ ਲਈ ਕਿਹਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਵਿੰਡ 19 ਦੌਰਾਨ ਸਿੱਖ ਕੌਮ ਵੱਲੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ।
ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਮੌਜੂਦਾ ਸਮੇਂ ਫੈਲੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸਸ਼ੀਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਉਸਰੇ ਪੰਜਾਬ ਦੇ ਸੱਭਿਆਚਾਰ ਨੂੰ ਗੰਧਲਾ ਕਰਨ ਵਾਲੀਆਂ ਸ਼ਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਫਾਇਆ ਕਰਨਾ ਅੱਜ ਦੀ ਵੱਡੀ ਜ਼ਰੂਰਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਹਾੜੇ ਦੀ ਵੀ ਸਿੱਖ ਜਗਤ ਨੂੰ ਵਧਾਈ ਦਿੱਤੀ।


Share