ਅਕਾਲੀ ਸੰਸਦ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲਣ ਲਈ ਗ੍ਰਹਿ ਮੰਤਰੀ ਨਾਲ ਕਰਨਗੇ ਮੁਲਾਕਾਤ

July 16
08:31
2018
ਪਟਿਆਲਾ, 16 ਜੁਲਾਈ (ਪੰਜਾਬ ਮੇਲ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਪਟਿਆਲਾ ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਲਈ ਅਕਾਲੀ ਸੰਸਦ ਮੈਂਬਰ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ। ਰਾਜੋਆਣਾ ਨੂੰ ਭੁੱਖ ਹੜਤਾਲ ‘ਤੇ ਨਾ ਬੈਠਣ ਦੀ ਅਪੀਲ ਕਰਦਿਆਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 18 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਾਲ ਲੈ ਕੇ ਅਕਾਲੀ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਫੈਸਲਾ ਜਲਦ ਲੈਣ ਦੀ ਅਪੀਲ ਕਰਨਗੇ।
ਪਟਿਆਲਾ ਜੇਲ ਦੇ ਸੁਪਰਡੈਂਟ ਰਾਹੀਂ ਰਾਜੋਆਣਾ ਕੋਲ ਪਹੁੰਚਾਏ ਸੁਨੇਹੇ ਵਿਚ ਚੰਦੂਮਾਜਰਾ ਨੇ ਉਨ੍ਹਾਂ ਦੇ ਕੇਸ ਦੀ ਢੁਕਵੇਂ ਤਰੀਕੇ ਨਾਲ ਪੈਰਵੀ ਕਰਨ ਦਾ ਭਰੋਸਾ ਵੀ ਦਿਵਾਇਆ ਅਤੇ ਉਨ੍ਹਾਂ ਨੂੰ ਭੁੱਖ ਹੜਤਾਲ ‘ਤੇ ਨਾ ਬੈਠਣ ਦੀ ਅਪੀਲ ਕੀਤੀ ਹੈ।